{_custom_metatages()}

کلاسک

Download Font to read Wichaar properly
    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੧-੨੦

ਹੀਰ ਵਾਰਸ ਸ਼ਾਹ : ਬੰਦ ੧੧-੨੦

ਵਾਰਸ ਸ਼ਾਹ

July 2nd, 2008

3.5 / 5 (5 Votes)

 

 

11. ਰਾਂਝੇ ਦਾ ਬਾਪ ਕਾਲਵਸ
ਤਕਦੀਰ ਸੇਤੀ ਮੌਜੂ ਹੱਕ ਹੋਇਆ, ਭਾਈ ਰਾਂਝੇ ਦੇ ਨਾਲ ਖਦੇੜਦੇ ਨੇ
ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ ਕੱਢ ਰਿੱਕਤਾਂ ਧੀਦੋ ਨੂੰ ਛੇੜਦੇ ਨੇ
ਨਿੱਤ ਸੱਜਰਾ ਘਾ ਕਲੇਜੜੇ ਦਾ, ਗੱਲਾਂ ਤ੍ਰਿੱਖੀਆਂ ਨਾਲ ਉਚੇੜਦੇ ਨੇ
ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਏਹਾ ਝੰਮਟ ਨਿੱਤ ਸਹੇੜਦੇ ਨੇ

12. ਭੋਂ ਦੀ ਵੰਡ
ਹਜ਼ਰਤ ਕਾਜ਼ੀ ਤੇ ਪੈਂਚ ਸਦਾਅ ਸਾਰੇ ਭਾਈਆਂ ਜ਼ਮੀਂ ਨੂੰ ਕੱਛ ਪਵਾਈ ਆਹੀ
ਵੱਢੀ ਦੇ ਕੇ ਭੋਏਂ ਦੇ ਬਦੇ ਵਾਰਸ, ਬੰਜਰ ਜ਼ਮੀਂ ਰੰਝੇਟੇ ਨੂੰ ਆਈ ਆਹੀ
ਕੱਛਾਂ ਮਾਰ ਸ਼ਰੀਕ ਮਜ਼ਾਕ ਕਰਦੇ, ਭਾਬੀਆਂ ਰਾਂਝੇ ਦੇ ਬਾਬ ਬਨਾਈ ਆਹੀ
ਗੱਲ ਭਾਬੀਆਂ ਏਹੀ ਬਣਾ ਛੱਡੀ, ਮਗਰ ਜੱਟ ਦੇ ਫੱਕੜੀ ਲਾਈ ਆਹੀ

13. ਭਾਬੀ ਦਾ ਉੱਤਰ
ਪਿੰਡਾ ਚਤ ਕੇ ਆਰਸੀ ਨਾਲ ਦੇਖਣ, ਤਿਨਾਂ ਵਾਹਨ ਕੇਹਾ ਹਲ ਵਾਹਣਾ ਏ
ਪਿੰਡਾ ਪਾਲ ਕੇ ਚੋਪੜੇ ਪਟੇ ਜਿੰਨ੍ਹਾਂ, ਕਿਸੇ ਰੰਨ ਕੀ ਉਨ੍ਹਾਂ ਤੋਂ ਚਾਹੁਣਾ ਏ
ਹੁਣੇ ਭੋਏਂ ਦੇ ਝਗੜੇ ਕਰੇ ਮੁੰਡਾ ਏਸ ਤੋੜ ਨਾ ਮੁਲ ਨਬਾਹੁਣਾ ਏਂ
ਦੇਹੇਂ ਵੰਝਲੀ ਵਾਹੇ ਤੇ ਰਾਹ ਗਾਵੇ, ਕੋਈ ਰੋਜ਼ ਦਾ ਇਹ ਪ੍ਰਾਹੁਣਾ ਏ

14. ਉੱਤਰ ਰਾਂਝਾ
ਰਾਂਝਾ ਜੋਤਰਾ ਵਾਹ ਕੇ ਥੱਕ ਰਹਿਆ, ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏ
ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ ਹਾਲ ਆਪਣਾ ਰੋ ਵਖਾਂਵਦਾ ਏ
ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ ਸਾਨੂੰ ਵਾਹੀ ਦਾ ਕੰਮ ਨਾ ਭਾਂਵਦਾ ਏ
ਵਾਰਸ ਸ਼ਾਹ ਜਿਉਂ ਲਾਡਲਾ ਬਾਪ ਦਾ ਸੀ ਅਤੇ ਖਰਾ ਪਿਆਰੜਾ ਮਾਉਂ ਦਾ ਸੀ

15. ਰਾਂਝੇ ਦਾ ਉੱਤਰ
ਰਾਂਝਾ ਆਖਦਾ ਭਾਬੀਉ ਵੈਰਨੋ ਨੀ, ਤੁਸਾਂ ਭਾਈਆ ਨਾਲੋਂ ਵਿਛੋੜਿਆ ਜੇ
ਖ਼ੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ
ਸਕੇ ਭਾਈਆਂ ਨਾਲੋਂ ਵਛੋੜ ਮੈਨੂੰ, ਕੰਡਾ ਵਿੱਚ ਕਲੇਜੇ ਦੇ ਪੋੜਿਆ ਜੇ
ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ ਵੱਖੋ ਵੱਖ ਕਰ ਨਾ ਨਖੋੜਿਆ ਜੇ
ਨਾਲ ਵੈਰ ਦੇ ਰਿੱਕਤਾਂ ਛੇੜ ਭਾਬੀ ਸਾਨੂੰ ਮੇਹਣਾ ਹੋਰ ਚਿਮੋੜਿਆ ਜੇ
ਜਦੋਂ ਸਫਾ ਹੋ ਟੁਰਨ ਗੀਆਂ ਤਰਫ ਜੰਨਤ ਵਾਰਸ ਸ਼ਾਹ ਦੀ ਵਾਗ ਨਾ ਮੋੜਿਆ ਜੇ

16. ਉੱਤਰ ਭਾਬੀ
ਕਰੇਂ ਆਕੜਾਂ ਖਾ ਕੇ ਦੁੱਧ ਚਾਵਲ ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ
ਆਖਣ ਦੇਵਰੇ ਨਾਲ ਨਿਹਾਲ ਹੋਈਆਂ ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ
ਇਹੋ ਰਾਂਝਣੇ ਨਾਲ ਹਨ ਘਿਉ ਸ਼ੱਕਰ ਪਰ ਜਿਉ ਦਾ ਭੇਤ ਨਾ ਦੱਸਦੀਆਂ ਨੇ
ਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ ਜਿਵੇਂ ਸ਼ਹਿਰ 'ਚ ਮੱਖੀਆਂ ਫਸਦੀਆਂ ਨੇ
ਇੱਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇ
ਘਰੋਂ ਨਿਕਲਸੈਂ ਤੇ ਪਿਆ ਮਰੇਂ ਭੁਖਾ ਵਾਰਸ ਭੁਲ ਜਾਵਨ ਖ਼ਰ ਮਸਤੀਆਂ ਨੇ

17. ਉੱਤਰ ਰਾਂਝਾ
ਤੁਸਾਂ ਛਤਰੇ ਮਰਦ ਬਣਾ ਦਿੱਤੇ ਸੱਪ ਰੱਸੀਆਂ ਦੇ ਕਰੋ ਡਾਰੀਉ ਨੀ
ਰਾਜੇ ਭੋਜ ਦੇ ਮੁਖ ਲਗਾਮ ਦੇ ਕੇ ਚੜ੍ਹ ਦੌੜੀਆਂ ਹੋ ਟੂਣੇ ਹਾਰੀਉ ਨੀ
ਕੈਰੋ ਪਾਂਡੂਆਂ ਦੀ ਸਫਾ ਗਾਲ ਸੁੱਟੀ ਜ਼ਰਾ ਗੱਲ ਦੇ ਨਾਲ ਹਰਿਆਰਿਉ ਨੀ
ਰਾਵਣ ਲੰਕ ਲੁਟਾ ਕੇ ਜ਼ਰਦ ਹੋਇਆ ਕਾਰਨ ਤੁਸਾਂ ਦੇ ਹੀ ਹਤਿਆਰਿਉ ਨੀ

18. ਉੱਤਰ ਭਾਬੀ
ਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਅਸਾਂ ਨਾਲ ਕੀ ਰਿੱਕਤਾਂ ਚਾਈਆਂ ਨੀ
ਅਲੀ ਜੇਠ ਤੇ ਜਿਨ੍ਹਾਂ ਦੇ ਫੱਤੂ ਦੇਵ, ਡੁੱਬ ਮੋਈਆਂ ਉਹ ਭਰਜਾਈਆਂ ਨੀ
ਘਰੋ ਘਰੀ ਵਿਚਾਰਦੇ ਲੋਕ ਸਾਰੇ, ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀ
ਤੇਰੀ ਗੱਲ ਨਾ ਬਣੇ ਗੀ ਨਾਲ ਸਾਡੇ, ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ

19. ਉੱਤਰ ਰਾਂਝਾ
ਮੂੰਹ ਬੁਰਾ ਦਸੇਂਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਹੈਂ
ਤੇਰੇ ਗੋਚਰੇ ਕੰਮ ਕੀ ਪਿਆ ਸਾਡਾ, ਸਾਨੂੰ ਬੋਲੀਆਂ ਨਾਲ ਕਿਉਂ ਸਾੜਨੀ ਹੈਂ
ਉੱਤੇ ਚਾੜ੍ਹ ਕੇ ਪੌੜੀਆਂ ਲਾਹ ਲੈਂਦੀ, ਕੇਹੇ ਕਲਾ ਦੇ ਮਹਿਲ ਉਸਾਰਨੀ ਹੈ
ਅਸਾਂ ਨਾਲ ਕੀ ਮਾਮਲਾ ਪਿਆ ਤੈਨੂੰ, ਐਪਰ ਪੇਕਿਆਂ ਵੱਲੋਂ ਗਵਾਰਨੀ ਹੈਂ

20. ਉੱਤਰ ਭਾਬੀ
ਸਿੱਧਾ ਹੋਇ ਕੇ ਰੋਟੀਆਂ ਖਾ ਜੱਟਾ, ਭਵਾਂ ਕਾਸ ਨੂੰ ਏਡੀਆਂ ਚਾਈਆਂ ਨੀ
ਤੇਰੀ ਪਨਘਟਾਂ ਦੇ ਉੱਤੇ ਪਿਉ ਪਈ, ਧੁੰਮਾਂ ਤ੍ਰਿੰਜਨਾਂ ਦੇ ਵਿੱਚ ਪਾਈਆਂ ਨੀ
ਘਰ ਘਰ ਵਸਾਰ ਕੇ ਖੁਆਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨੀ
ਜ਼ੁਲਫਾਂ ਕੁੰਢੀਆਂ ਕਾਲੀਆਂ ਹੂੰਕ ਮੰਗੂ ਝੋਕਾਂ ਹਿਕ ਤੇ ਆਣ ਬਠਾਈਆਂ ਨੀ
ਵਾਰਸ ਸ਼ਾਹ ਇਹ ਜਿਨ੍ਹਾਂ ਦੇ ਚੰਨ ਦੇਵਰ ਘੋਲ ਘੱਤੀਆਂ ਸੈ ਭਰਜਾਈਆਂ ਨੀ

ਔਖੇ ਲਫ਼ਜ਼ਾਂ ਦੇ ਮਾਅਨੇ

11
ਖਹੇੜਦੇ। ਲੜਦੇ, ਖਹਿ ਬਾਜ਼ੀ ਕਰਦੇ
ਰਿੱਕਤਾਂ। ਮਖੌਲ
ਉਚੇੜ ਦੇ। ਛਿਲਦੇ (ਜ਼ਖਮ ਆਦ ਨੂੰ)
ਝੰਜਟ। ਝਗੜਾ, ਬਖੇੜਾ
12
ਕਛ ਪਵਾਈ। ਮਿਣਤੀ ਕਰਾਈ
ਕੱਛਾਂ ਮਾਰ। ਖੁਸ਼ ਹੋਕੇ
ਬਾਬਾ ਬਣਾਈ। ਬੁਰੀ ਹਾਲਤ ਕੀਤੀ
ਫੱਕੜੀ ਲਾਈ। ਮੌਜੂ ਬਣਾ ਛੱਡਿਆ
13
ਪਿੰਡਾ ਚਿਤ ਕੇ। ਸਰੀਰ ਦੀ ਸੰਭਾਲ ਕਰਕੇ
ਆਰਸੀ। ਸ਼ੀਸ਼ਾ
ਦੇਂਹੀਂ। ਦਿਨ ਵੇਲੇ
14
ਜੋਤਰਾ ਵਾਹ ਕੇ। ਹਲ ਦਾ ਜੋਤਾ ਲਾ ਕੇ
ਫੁੱਟੇ। ਪਾਟ ਗਏ
15
ਦਿਲਗੀਰ। ਉਦਾਸ, ਗੰਮਗੀਨ
ਪੋੜਿਆ। ਚਭੋਇਆ
ਨਿਖੋੜਿਆ। ਜੁਦਾ ਕੀਤੇ, ਨਖੇੜ ਦਿੱਤੇ
ਸ਼ਫਾਂ। ਕਿਆਮਤ ਵਾਲੇ ਦਿਨ ਜਦੋਂ ਮੋਮਨ ਬਹਿਸ਼ਤ ਵਲ ਅਤੇ ਕਾਫਰਾਂ ਦੀਆਂ ਸਫਾਂ ਭਾਵ ਕਤਾਰਾਂ ਦੋਜ਼ਖ ਵਲ ਜਾਣਗੀਆਂ
16
ਨਿਹਾਲ। ਖੁਸ਼। 'ਜੋ ਬੋਲ ਸੋ ਨਿਹਾਲ'
ਘਿਉ ਸ਼ੱਕਰ। ਇੱਕ ਮਿਕ
17
ਤੁਸਾਂ ਛਤਰੇ ਮਰਦ . . ਕਹਾਣੀ ਦੱਸੀ ਜਾਂਦੀ ਕਿ ਜਦੋਂ ਰਾਜਾ ਰਸਾਲੂ ਆਪਦੇ ਤੋਤੇ ਨੂੰ ਨਾਲ ਲੈ ਕੇ ਰਾਣੀ ਕੋਕਲਾਂ ਨੂੰ ਵਿਆਹੁਣ ਗਿਆ ਤਾਂ ਰਸਤੇ ਵਿੱਚ ਇੱਕ ਸ਼ਹਿਰ ਵਿੱਚੋਂ ਲੰਘਿਆ ਤਾਂ ਇੱਕ ਜਾਦੂਗਰ ਇਸਤਰੀ ਨੇ ਉਹਨੂੰ ਘੋੜੇ ਤੋਂ ਥੱਲੇ ਸੁੱਟ ਲਿਆ। ਉਸ ਪਿੱਛੋਂ ਇੱਕ ਮੰਤਰ ਪੜ੍ਹਿਆ ਅਤੇ ਰਾਜੇ ਦੇ ਸਿਰ ਵਿੱਚ ਇੱਕ ਸੂਈ ਚਭੋ ਕੇ ਉਸ ਨੂੰ ਛਤਰਾ ਬਣਾ ਦਿੱਤਾ। ਰਾਜੇ ਦਾ ਤੋਤਾ ਪਰੇਸ਼ਾਨੀ ਵਿੱਚ ਰਾਜੇ ਦੇ ਭਾਈ ਪੂਰਨ ਭਗਤ ਕੋਲ ਗਿਆ ਅਤੇ ਸਾਰੀ ਗੱਲ ਦੱਸੀ। ਪੂਰਨ ਭਗਤ ਆਪਣੇ ਗੁਰੂ ਕੋਲੋਂ ਆਗਿਆ ਲੈ ਕੇ ਓਥੇ ਪੁੱਜਾ। ਉਹਨੇ ਸਾਰੀਆਂ ਜਾਦੂਗਰਨੀਆਂ ਇਕੱਠੀਆਂ ਕਰਕੇ ਪੁਛ ਗਿਛ ਕੀਤੀ। ਅਖੀਰ ਇੱਕ ਜਾਦੂਗਰਨੀ ਮੰਨ ਗਈ। ਉਹਨੇ ਛਤਰਾ ਲਿਆ ਕੇ ਪੇਸ਼ ਕੀਤਾ। ਪੂਰਨ ਭਗਤ ਦੇ ਹੁਕਮ ਨਾਲ ਛਤਰੇ ਦੇ ਸਿਰ ਵਿੱਚੋਂ ਸੂਈ ਕੱਢ ਕੇ ਉਹਨੂੰ ਫੇਰ ਮਨੁੱਖੀ ਰੂਪ ਵਿੱਚ ਲਿਆਂਦਾ।
ਗਰਦ ਹੋਈਆਂ। ਮਿੱਟੀ ਹੋ ਗਈਆਂ
18
ਅੱਲੀ ਜੇਠ . . ਫੱਤੂ ਦੇਵਰ . . ਕਵੀ ਦਾ ਇਸ਼ਾਰਾ ਉਸ ਕਹਾਣੀ ਵਲ ਹੈ ਜਿਸ ਵਿੱਚ ਇੱਕ ਪੁਰਸ਼ ਦੇ ਚਾਰ ਪੁੱਤਰ ਸਨ। ਅਲੀ, ਵਲੀ, ਫੱਤੂ ਅਤੇ ਰਮਤੂ। ਉਨ੍ਹਾਂ ਵਿੱਚੋਂ ਅਲੀ ਅਤੇ ਫੱਤੂ ਦੁਨਿਆਵੀ ਤੌਰ ਤੇ ਸ਼ੂਝਵਾਨ ਨਹੀਂ ਸਗੋਂ ਸਿਧਰੇ ਪੁਰਸ਼ ਸਨ। ਚਾਰ ਭਰਾਵਾਂ ਵਿੱਚੋਂ ਕੇਵਲ ਵਲੀ ਹੀ ਵਿਆਹਿਆ ਸੀ। ਉਹਦੇ ਘਰ ਵਾਲੀ ਦਾ ਨਾਉਂ ਸੁਹਾਗਣ ਸੀ ਜਿਹੜੀ ਸਾਰੇ ਭਰਾਵਾਂ ਦੀ ਸੇਵਾ ਕਰਦੀ ਸੀ। ਰੱਬ ਦੀ ਮਰਜ਼ੀ, ਵਲੀ ਦੀ ਮੌਤ ਹੋ ਗਈ। ਹੁਣ ਸੁਹਾਗਣ ਨੇ ਸੋਚਿਆ ਕਿ ਉਹ ਰਮਤੂ ਨਾਲ ਸ਼ਾਦੀ ਕਰ ਲਵੇ। ਤਮਾਸ਼ਾ ਦੇ ਖਣ ਵਾਲਿਆਂ ਨੇ ਅਲੀ ਅਤੇ ਫੱਤੂ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਉਨ੍ਹਾਂ ਦੇ ਹੁੰਦਿਆਂ ਉਨ੍ਹਾਂ ਦੀ ਭਾਬੀ ਰਮਤੂ ਨਾਲ ਸ਼ਾਦੀ ਕਰ ਰਹੀ ਹੈ। ਉਹ ਦੋਵੇ ਵੱਡੇ ਹਨ। ਇਹ ਉਨ੍ਹਾਂ ਦੀ ਬਹੁਤ ਨਿਰਾਦਰੀ ਹੈ। ਇਸ ਬੇਇਜ਼ਤੀ ਨਾਲੋਂ ਉਨ੍ਹਾਂ ਨੂੰ ਜਿਊਂਦੇ ਹੀ ਮਰ ਜਾਣਾ ਚਾਹੀਦਾ ਹੈ। ਚੰਗਾ ਹੋਵੇ ਜੇ ਉਹ ਡੁੱਬ ਕੇ ਮਰ ਜਾਵਣ। ਉਨ੍ਹਾਂ ਸੋਚਿਆ ਕਿ ਅਸੀਂ ਕਿਉਂ ਮਰੀਏ। ਉਸ ਫਸਾਦ ਦੀ ਜੜ ਭਾਵ ਸੁਹਾਗਣ ਦਾ ਹੀ ਫਸਤਾ ਵਢਦੇ ਹਾਂ। ਅਲੀ ਅਤੇ ਫੱਤੂ ਨੇ ਰਾਤ ਨੂੰ ਸੁਹਾਗਣ ਦਾ ਮੰਜਾ ਚੁੱਕ ਕੇ ਨਦੀ ਵਿੱਚ ਰੋੜ੍ਹ ਕੇ ਉਹਦਾ ਖਾਤਮਾ ਕਰ ਦਿੱਤਾ।
ਰੂਸੀਆਂ। ਰੂਸੀ ਦਾ ਬਹੁ। ਵਚਨ, ਰੱਸੀ
ਲੰਕ। ਲੰਕਾ
ਹਤਿਆਰਾ। ਜ਼ਾਲਮ
19
ਪਰਨਾ ਲਿਆ। ਵਿਆਹ ਲਿਆ
20
ਕਲਾ। ਫਰੇਬ
ਪੇਕਿਆ ਵਲੋਂ ਗਵਾਰਨੀ। ਗੰਵਾਰਾਂ ਦੀ ਧੀ, ਲਗ ਭਗ ਹਰ ਇਸਤਰੀ ਆਪਣੇ ਮਾਂ, ਪਿਉ ਦਾ ਬੁਰਾ ਸੁਣ ਕੇ ਖੁਸ਼ ਨਹੀਂ। ਰਾਂਝਾ ਜਾਣ ਬੁੱਝ ਕੇ ਉਹਨੂੰ ਖਿਝਾਂਉਂਦਾ ਹੈ।
ਭਵਾਂ ਚਾਉਣਾ। ਗੁੱਸੇ ਹੋਣਾ
ਪੇਉ ਪਈ। ਰੌਲਾ, ਚਰਚਾ
ਘੋਲ ਘੱਤੀਆਂ। ਕੁਰਬਾਨ ਹੋਈਆਂ

 

More

Visitors Comments

Name:Jai Krishan Verma
Date:20th February

Comment: plz sent me these poems to my e-mail with their solutions


Visitors Comments

Name:jeeti9
Date:29th December

Comment: i read many time heer waris so i am very lucky some person i know who want read heer waris what they have no time in bussy life now i am also bussy but i read it in 2 nearabout


Your Name:
Your E-mail:
Subject:
Comments: