{_custom_metatages()}

کلاسک

Download Font to read Wichaar properly
    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧-੧੦

ਹੀਰ ਵਾਰਸ ਸ਼ਾਹ : ਬੰਦ ੧-੧੦

ਵਾਰਸ ਸ਼ਾਹ

July 2nd, 2008

5 / 5 (15 Votes)

 

 

1. ਅੱਵਲ ਰੱਬ ਦਾ ਨਾਮ ਧਿਆਈਏ ਜੀ

ਅੱਵਲ ਹਮਦ ਖ਼ੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ
ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ ਮਾਅਸ਼ੂਕ ਹੈ ਨਬੀ ਰਸੂਲ ਮੀਆਂ
ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ
ਖੁਲ੍ਹੇ ਤਿਨ੍ਹਾਂ ਦੇ ਬਾਬਾ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ

2. ਰਸੂਲੂਲ ਕਰੀਮ ਦੀ ਸਿਫਤ ਵਿੱਚੋਂ

ਦੂਈ ਨਾਅਤ ਰਸੂਲ ਮਕਬੂਲ ਵਾਲੀ ਜੈਂ ਦੇ ਹੱਕ ਨਜ਼ੂਲ ਲੌਲਾਕ ਕੀਤਾ
ਖ਼ਾਕੀ ਆਖ ਕੇ ਮਰਤਬਾ ਬਿਦਾ ਦਿੱਤਾ ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾ
ਸਰਵਰ ਹੋਇਕੇ ਔਲੀਆਂ ਅੰਬੀਆਂ ਦਾ ਅੱਗੇ ਹੱਕ ਦੇ ਆਪ ਨੂੰ ਪਾਕ ਕੀਤਾ
ਕਰੇ ਉਮੰਤੀ ਉਮੰਤੀ ਰੋਜ਼ ਮਹਿਸ਼ਰ ਖੁਸ਼ੀ ਛੱਡ ਕੇ ਜਿਊ ਜ਼ਮਨਾਕ ਕੀਤਾ

3. ਰਸੂਲੂਲ ਸ਼ਰੀਫ ਦੇ ਚੌਹੌਹਾਂ ਸਾਥੀਆਂ ਦੀ ਸਿਫਤ ਵਿਚ

ਚਾਰੇ ਯਾਰ ਰਸੂਲ ਦੇ ਚਾਰ ਗੌਹਰ ਸੱਭਾ ਇੱਥ ਥੀਂ ਇੱਕ ਚੜ੍ਹੰਦੜੇ ਨੇ
ਅਬੂ ਬਕਰ ਤੇ ਉਮਰ, ਉਸਮਾਨ, ਅਲੀ, ਆਪੋ ਆਪਣੇ ਗੁਣੀਂ ਸੁਹੰਦੜ ਨੇ
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ ਰਾਹ ਰਬ ਦੇ ਸੀਸ ਵਕੰਦੜੇ ਨੇ
ਜ਼ੌਕ ਛੱਡ ਕੇ ਜਿਨ੍ਹਾਂ ਨੇ ਜ਼ੁਹਦ ਕੀਤਾ ਵਾਹ ਵਾਹ ਉਹ ਰਬ ਦੇ ਬੰਦੜੇ ਨੇ

4. ਪੀਰ ਦੀ ਸਿਫਤ ਵਿੱਚ

ਮਦ੍ਹਾ ਪੀਰ ਦੀ ਹੁਬ ਦੇ ਨਾਲ ਕੀਤੇ ਜੈਂ ਦੇ ਖ਼ਾਦਮਾਂ ਦੇ ਵਿੱਚ ਪੀਰੀਆਂ ਨੀ
ਬਾਝ ਏਸ ਜਨਾਬ ਦੇ ਬਾਰ ਨਾਹੀਂ ਲਖ ਢੂੰਡਦੇ ਫਿਰਨ ਫਕੀਰੀਆਂ ਨੀ
ਜਿਹੜੇ ਪੀਰ ਦੀ ਮਿਹਰ ਮੰਜ਼ੂਰ ਹੋਏ ਘਰ ਤਿੰਨ੍ਹਾਂ ਦੇ ਪੀਰੀਆ ਮੀਰੀਆਂ ਨੀ
ਰੋਜ਼ ਹਸ਼ਰ ਦੇ ਪੀਰ ਦੇ ਤਾਲਿਬਾਂ ਨੂੰ ਹੱਥ ਸਜੜੇ ਮਿਲਨ ਗੀਆਂ ਚੀਰੀਆਂ ਨੀਂ

5. ਬਾਬਾ ਫਰੀਦ ਸ਼ਕਰ ਗੰਜ ਦੀ ਸਿਫਤ ਵਿਚ

ਮੌਦੂਦ ਦਾ ਲਾਡਲਾ ਪੀਰ ਚਿਸ਼ਤੀ ਸ਼ਕਰ ਗੰਜ ਮਸਉਦ ਭਰਪੂਰ ਹੈ ਜੀ
ਖ਼ਾਨਦਾਨ ਵਿੱਚ ਚਿਸ਼ਤ ਦੇ ਕਾਮਲੀਅੱਤ ਸ਼ਹਿਰ ਫਕਰ ਦਾ ਪਾਕਪਟਨ ਮਾਅਮੂਰ ਹੈ ਜੀ
ਬਾਹੀਆ ਕੁਤਬਾਂ ਵਿੱਚ ਹੈ ਪੀਰ ਕਾਮਲ ਜੈਂ ਦੀ ਆਜਜ਼ੀ ਜ਼ੁਹਦ ਮੰਜ਼ੂਰ ਹੈ ਜੀ
ਸ਼ਕਰ ਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦੇ ਦੂਰ ਹੈ ਜੀ

6. ਕਿੱਸਾ ਹੀਰ ਰਾਂਝਾ ਲਿਖਣ ਵਾਰੇ

ਯਾਰਾਂ ਅਸਾਂ ਨੂੰ ਆਨ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਢਬ ਸੁਹਨੇ ਨਾਲ ਸੁਣਾਈਏ ਜੀ
ਨਾਲ ਅਜਬ ਬਹਾਰ ਦੇ ਸ਼ਿਅਰ ਕਰਕੇ, ਰਾਂਝੇ ਹੀਰ ਦਾ ਮੇਲ ਕਰਾਈਏ ਜੀ
ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ

7. ਕਵੀ ਦਾ ਕਥਨ

ਹੁਕਮ ਮਨ ਕੇ ਸੱਜਨਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ
ਫਿਕਰਾ ਜੋੜ ਕੇ ਖ਼ੂਬ ਤਿਆਰ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏ
ਬਹੁਤ ਜਿਉ ਦੇ ਵਿੱਚ ਤਦਬੀਰ ਕਰਕੇ, ਫਰਹਾਦ ਪਹਾੜ ਨੂੰ ਤੋੜਿਆ ਏ
ਸੱਭਾ ਵੀਣ ਕੇ ਜ਼ੇਬ ਬਣਾ ਦਿੱਤਾ, ਜੇਹਾ ਇਤਰ ਗੁਲਾਬ ਨਚੋੜਿਆ ਏ।

8. ਕਿੱਸੱਸੇ ਦਾ ਆਰੰਭੰਭ, ਤਖ਼ਤ ਹਜ਼ਾਰਾ ਅਤੇ ਰਾਂਝੇ ਬਾਰੇ

ਇੱਕ ਤਖ਼ਤ ਹਜ਼ਾਰਿਉਂ ਗੱਲ ਕੀਜੇ ਜਿੱਥੇ ਰਾਂਝਿਆਂ ਰੰਗ ਮਚਾਇਆ ਏ
ਛੈਲ ਗੱਭਰੂ, ਮਸਤ ਅਲਬੇਲੜੇ ਨੇਂ, ਸੁੰਦਰ ਇੱਕ ਥੀਂ ਇੱਕ ਸਵਾਇਆ ਏ
ਵਾਲੇ ਕੋਕਲੇ, ਮੁੰਦਰੇ, ਮੱਝ ਲੁੰਗੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਏ
ਕੇਹੀ ਸਿਫਤ ਹਜ਼ਾਰੇ ਦੀ ਆਖ ਸਕਾਂ ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ

9. ਰਾਂਝੇ ਦੇ ਬਾਪ ਬਾਰੇ

ਮੌਜੂ ਚੌਧਰੀ ਪਿੰਡ ਦੀ ਪਾਂਡ ਵਾਲਾ ਚੰਗਾ ਭਾਈਆਂ ਦਾ ਸਰਦਾਰ ਆਹਾ
ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ ਵੱਡਾ ਦਰਬ ਤੇ ਮਾਲ ਪਰਵਾਰ ਆਹਾ
ਭਲੀ ਭਾਈਆਂ ਵਿੱਚ ਪਰਤੀਤ ਉਸਦੀ, ਮੰਨਿਆ ਚੌਤਰੇ ਉਤੇ ਸਰਕਾਰ ਆਹਾ
ਵਾਰਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇਂ ਧੀਦੋ ਨਾਲ ਉਸ ਬਹੁਤ ਪਿਆਰ ਆਹਾ

10. ਰਾਂਝੇ ਨਾਲ ਭਾਈਆਂ ਦਾ ਸਾੜਾ

ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀਂ ਪਏ ਸੰਗਦੇ ਨੇ
ਗੁਝੇ ਮੇਹਣੇ ਮਾਰ ਕੇ ਸੱਪ ਵਾਂਗੂੰ ਉਸ ਦੇ ਕਾਲਜੇ ਨੂੰ ਪਏ ਡੰਗਦੇ ਨੇ
ਕੋਈ ਵੱਸ ਨਾ ਚੱਲਣੇਂ ਕਢ ਛੱਡਣ, ਦੇਂਦੇ ਮਿਹਣੇ ਰੰਗ ਬਰੰਗ ਦੇ ਨੇ
ਵਾਰਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨਾ ਸੈਨ ਨਾ ਅੰਗ ਦੇ ਨੇ


ਔਖੇ ਲਫ਼ਜ਼ਾਂ ਦੇ ਮਾਅਨੇ

1
ਅੱਵਲ। ਸਭ ਤੋਂ ਪਹਿਲਾਂ, ਪ੍ਰਥਮ
ਹਮਦ। ਸਿਫਤ, ਉਪਮਾ
ਵਿਰਦ। ਸਿਮਰਨ, ਜ਼ਿਕਰ, ਬਾਰ ਬਾਰ ਤਲਾਵਤ ਕਰਨੀ
ਨਬੀ ਰਸੂਲ। ਹਜ਼ਰਤ ਮੁਹੰਮਦ ਸਾਹਿਬ
ਜਗ ਦਾ ਮੂਲ। ਸਾਰੇ ਜੀਵਾਂ ਦੀ ਬੁਨਿਆਦ
ਰੰਜੂਲ। ਰੰਜੂਰ, ਜ਼ਮਨਾਕ
ਮਰਬਤਾ। ਪਦਵੀ
ਕਲੂਬ। ਕਲਬ ਦਾ ਬਹੁ। ਵਚਨ, ਦਿਲ
ਦਿਲ ਦਾ ਬਾਬ। ਦਰਵਾਜ਼ਾ
2
ਨਾਅਤ। ਰਸੂਲ ਦੀ ਸ਼ਾਨ ਵਿੱਚ ਸਿਫਤ ਭਰੇ ਸ਼ਿਅਰ ਜਾਂ ਕਵਿਤਾ
ਖਾਕੀ। ਮਿੱਟੀ ਦਾ ਬਣਿਆ, ਆਦਮੀ ਅਤੇ ਇਸਤਰੀ (ਯਿਹ ਖਾਕੀ ਅਪਨੀ ਫਿਤਰਤ ਮੇਂ ਨਾ ਨੂਰੀ ਨਾ ਨਾਰੀ ਹੈ। ਡਾਕਟਰ ਇਕਬਾਲ। ਨਾ ਹਮ ਖਾਕੀ ਨਾ ਹਮ ਆਤਸ਼ ਨਾ ਪਾਣੀ ਨਾ ਪੌਣ। ਸਾਈਂ ਬੁੱਲ੍ਹਾ)
ਨਜ਼ੂਲ। ਰਬ ਨੇ ਉਤਾਰਿਆ, ਲਿਆਂਦਾ
ਬਿਦਾ। ਬਿਧਾ, ਬਹਿ ਮਾਤਾ, ਰੱਬ ਵੱਲੋਂ ਪਹਿਲੋਂ ਹੀ ਲਿਖਿਆ
ਲੌਲਾਕ। (ਰੱਬੀ) ਹਦੀਸ ਵਲ ਇਸ਼ਾਰਾ ਹੈ। ''ਬਲੌਲਾਕਾ ਲਮਾ ਖ਼ਲਕਤੁਲ ਅਫਲਾਕ" ਭਾਵ ਜੇ ਕਰ ਤੂੰ (ਰਸੂਲ) ਨਾ ਹੁੰਦਾ ਤਾਂ ਮੈਂ ਆਕਾਸ਼ ਪੈਦਾ ਨਾ ਕੀਤੇ ਹੁੰਦੇ
ਹਦੀਸ। ਰਸੂਲ ਦੇ ਕਹੇ ਸ਼ਬਦਾਂ ਅਤੇ ਕੰਮ ਦੀ ਖ਼ਬਰ
ਸਰਵਰ। ਸਰਦਾਰ
ਔਲੀਆ। ਵਲੀ ਦਾ ਬਹੁ। ਵਚਨ, ਰਬ ਦੇ ਪਿਆਰੇ
ਅੰਬੀਆ। ਨਬੀ ਦਾ ਬਹੁ। ਵਚਨ, ਰਬ ਦੇ ਲਾਇਬ
ਹੱਕ। ਰਬ
ਉਮੰਤੀ। ਉੰਮਤ ਦਾ ਇੱਕ ਪੁਰਸ਼
3
ਗੌਹਰ। ਮੋਤੀ
ਅਬੂ ਬਕਰ, ਉਮਰ, ਉਸਮਾਨ ਅਤੇ ਅਲੀ ਇਹ ਪਹਿਲੇ ਚਾਰ ਖ਼ਲੀਫੇ ਹਨ
ਖਲੀਫਾ। ਰਸੂਲ ਸਾਹਿਬ ਵਾਂਗੂ ਇਸਲਾਮ ਦੇ ਰੂਹਾਨੀ ਲੀਡਰ
ਮਦਹ। ਸਿਫਤ, ਜੱਸ, ਤਾਅਰੀਫ
ਹੁਬ। ਪਿਆਰ, ਸ਼ਰਧਾ
ਰੋਜ਼ ਮਹਿਸ਼ਰ। ਕਿਆਮਤ ਦਾ ਦਿਨ ਜਦੋਂ ਸਾਰੇ ਦਫਨ ਕੀਤੇ ਮੁਰਦੇ ਕਬਰਾਂ ਵਿੱਚੋਂ ਜਿਊਂਦੇ ਹੋ ਕੇ ਉੱਠਣ ਗੇ ।
ਚੀਰੀ। ਪਰਵਾਨਾ ਚਿੱਠੀ (ਲਿਖ ਲਿਖ ਚੀਰੀਆਂ ਪੀਆ ਖਹਿ ਭੇਜ੍ਵਾਂ ਸਾਹ ਹੁਸੈਨ) ਪੀਰ ਸਈਅਦ ਅਬਦਲਕਾਦਰ ਜਿਲਾਨੀ ਪੀਰ ਦਸਤਗੀਰ, ਪੀਰ ਬਗਦਾਦ
ਜਨਾਬ। ਦਰਗਾਹ (ਰੱਬ ਦੀ ਜਨਾਬ ਵਿੱਚੋਂ ਦਿਲ ਇਹੋ ਮੰਗਦਾ। ਇੱਕ ਗੀਤ)
ਮੀਰੀ। ਸਰਦਾਰੀ
ਤਾਲਬ। ਮੁਰੀਦ, ਸੱਚੀ ਤਲਬ ਰੱਖਣ ਵਾਲਾ
5
ਮੌਦੂਦ। ਖਵਾਜਾ ਕੁਤਬੁ ਦੀਨ ਮੌਦੂਦ ਚਿਸ਼ਤੀ ਇਨ੍ਹਾਂ ਦਾ ਮਜ਼ਾਰ ਚਿਸ਼ਤ। ਖੁਰਾਸਾਨ ਵਿੱਚ ਹਰਾਤ ਸ਼ਹਿਰ ਦੇ ਲਾਗੇ ਹੈ।
ਮਸਊਦ। ਬਾਬਾ ਫਰੀਦ ਸ਼ਕਰ ਗੰਜ ਦਾ ਪੂਰਾ ਨਾਂਉ ਫਰੀਦ ਉੱਦੀਨ ਮਸਊਦ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੀ ਬਾਣੀ ਸ਼ਾਮਲ ਹੈ। ''ਸ਼ਕਰ ਗੰਜ" ਇਨ੍ਹਾਂ ਦੇ ਮੁਰਸ਼ਦ ਸ਼ੇਖ ਕੁਤਬੁਦੀਨ ਬਖਤਿਆਰ ਓਸ਼ੀ ਦਾ ਦਿੱਤਾ ਹੋਇਆ ਖਿਤਾਬ ਹੈ। ਇਹਦੀ ਬਾਬਤ ਵੀ ਕਈ ਕਹਾਣੀਆਂ ਪ੍ਰਚੱਲਤ ਹਨ।
ਕਾਮਲ। ਪੂਰਾ
ਪਟਨ। ਪਾਕ ਪਤਨ, ਜ਼ਿਲਾ ਸਾਹੀਵਾਲ ਜਿੱਥੇ ਬਾਬਾ ਫਰੀਦ ਜੀ ਨੇ ਆ ਕੇ ਡੇਰਾ ਲਾਇਆ ਸੀ
ਮਾਅਮੂਰ। ਆਬਾਦ, ਵਸਿਆ ਹੋਇਆ
ਕਾਮਲੀਅਤ। ਪੂਰਨਤਾਈ
ਮੁਕਾਮ ਕੀਤਾ। ਡੇਰਾ ਲਾਇਆ, ਵਸੇ ਖਾਦਮਾਂ। ਖਾਦਮ ਦਾ ਬਹੁ। ਵਚਨ, ਨੌਕਰਾਂ
6
ਝੋਕ। ਡੇਰਾ ਪਿੰਡ (ਮੈਂ ਵੀ ਜਾਣਾ ਝੋਕ ਰਾਂਝਣ ਦੀ, ਜਾਣਾ, ਨਾਲ ਕੋਈ ਮੇਰੇ ਚੱਲੇ) ਪਠਾਣਾ ਖਾਂ ਦੀ ਆਵਾਜ਼ ਵਿੱਚ।
ਮਜਾਲਸਾਂ। ਮਜਲਸ ਦਾ ਬਹੁ। ਵਚਨ, ਪੁਰਸ਼ਾਂ ਦਾ ਇਕੱਠ। 'ਰਲ ਫਕੀਰਾਂ ਮਜਲਸ ਕੀਤੀ, ਭੋਰਾ ਭੋਰਾ ਖਾਈਦਾ" ਬੁੱਲ੍ਹੇ ਸ਼ਾਹ
7
ਬਹਾਰ। ਸੁਹਣਾ, ਖੁਸ਼ੀ ਖੇੜਾ
ਦਰੁਸਤ। ਠੀਕ, ਸਹੀ
ਫੋੜਿਆ। ਤੋੜਿਆ
ਵੀਣ ਕੇ। ਚੁਗ ਕੇ, ਸਾਫ ਕਰਕੇ
8
ਮਝ। ਮੰਝ, ਅੱਧ, ਕਮਰ, ਵਿਚਾਲੇ, ਲੱਕ ਦਵਾਲੇ
ਲੁਙੀ। ਚਾਦਰਾ
ਜ਼ੇਬ। ਸੁੰਦਰ, ਸਜਦਾ
9
ਪਾਂਧ। ਇੱਜ਼ਤ, ਫੁਛ ਗਿਛ ਵਾਲਾ
ਦਰਬ। ਦੌਲਤ
ਚੌਂਤਰਾ। ਚਬੂਤਰਾ
10
ਸੈਨ। ਰਿਸ਼ਤੇਦਾਰ, ਸਬੰਧੀ

 

More

Visitors Comments

Name:Jagwinder singh
Date:18th August

Comment: Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!
WHat more can I say except one more Thank you!
I love you guys!
J S SIDHU


Your Name:
Your E-mail:
Subject:
Comments: