کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਜ਼ਿੰਦਗੀ ਜੀਊਣ ਦਾ ਸਾਊ ਸਲੀਕਾ

ਜ਼ਿੰਦਗੀ ਜੀਊਣ ਦਾ ਸਾਊ ਸਲੀਕਾ

ਕੇਹਰ ਸ਼ਰੀਫ਼

September 22nd, 2015

 

 

ਜ਼ਿੰਦਗੀ ਦੀਆਂ ਵੱਖੋ-ਵੱਖ ਇਕਾਈਆਂ ਸਾਨੂੰ ਦਿਨ ਮਹੀਨੇ ਤੇ ਸਾਲਾਂ ਤੱਕ ਨਾਲ ਤੋਰੀ ਰੱਖਦੀਆਂ ਹਨ। ਜ਼ਿੰਦਗੀ ਅਜਿਹੀਆਂ ਮਿੱਠੀਆਂ ਤੇ ਕੌੜੀਆਂ ਸਚਾਈਆਂ ਦਾ ਨਾਂ ਹੈ ਜੋ ਸਾਡੇ ਜੀਵਨ ਨੂੰ ਠੀਕ ਰਸਤੇ 'ਤੇ ਪਾਉਣ ਵਾਸਤੇ ਸਹਾਈ ਹੁੰਦੀਆਂ ਹਨ, ਪਰ ਸ਼ਰਤ ਇਹ ਵੀ ਹੈ ਕਿ ਅਸੀਂ ਹਨੇਰੇ ਵਿੱਚ ਟੱਕਰਾਂ ਮਾਰਨ ਦੀ ਥਾਂ ਪਹਿਲਾਂ ਅਸਲ ਹਾਲਤਾਂ ਦਾ ਜਾਇਜ਼ਾ ਵੀ ਲਈਏ, ਅਧਿਅਨ ਵੀ ਕਰੀਏ ਤੇ ਉਨ੍ਹਾਂ ਨੂੰ ਪਾਰਖੂ ਸੋਚ ਨਾਲ ਅੱਖਾਂ ਖੁੱਲ੍ਹੀਆਂ ਰੱਖ ਕੇ ਪਰਖੀਏ ਵੀ । ਬਿਨਾਂ ਕਿਸੇ ਚੀਜ਼ ਨੂੰ ਪਰਖਿਆਂ ਕੋਈ ਵੀ ਉਸਦਾ ਸੌਦਾ ਨਹੀਂ ਕਰਦਾ। ਸੌਦਾ ਕਰ ਲੈਣ ਤੋਂ ਬਾਅਦ ਵੀ ਬੰਦਾ ਪਰਖਦਾ ਹੀ ਰਹਿੰਦਾ ਹੈ ਕਿ ਜੋ ਮੈਂ ਖਰੀਦਿਆ ਜਾਂ ਘਰ ਲਿਆਂਦਾ ਹੈ, ਇਹ ਕਿੱਥੋਂ ਤੱਕ ਮੇਰੇ ਸੁਖ ਅਰਾਮ ਜਾਂ ਜਿੰਦਗੀ ਨੂੰ ਮੁੱਲਵਾਨ ਬਨਾਉਣ ਵਿੱਚ ਸਹਾਈ ਹੋ ਸਕੇਗਾ। ਇਸ ਵਿੱਚ ਚੀਜ਼ਾ ਵਸਤਾਂ ਹੀ ਨਹੀਂ ਸੂਝ ਸਿਆਣਪ ਤੇ ਵਿਚਾਰਧਾਰਕ ਪੈਂਤੜੇ ਵੀ ਸ਼ਾਮਲ ਹਨ, ਸਿਧਾਂਤਕ ਪਕਿਆਈਆਂ ਵੀ ਹਨ ਕਿ ਅਸੀਂ ਜਦੋਂ ਕਿਸੇ ਵੀ ਸਿਧਾਂਤ ਦੇ ਲੜ ਲਗਦੇ ਹਾਂ ਪਹਿਲਾਂ ਭਾਵਕ ਹੋ ਕੇ ਉੱਧਰ ਤੁਰਦੇ ਹਾਂ ਫੇਰ ਅਸੀਂ ਆਪਣੀ ਸੋਚ-ਸੂਝ ਅਨੁਸਾਰ ਡੂੰਘਾਈ ਵਿੱਚ ਉਸਦੇ ਹਰ ਪੱਖ ਨੂੰ ਵਿਚਾਰਦੇ ਹਾਂ। ਕੋਈ ਵੀ ਸਿਧਾਂਤ ਜਾਂ ਵਿਚਾਰਧਾਰਾ ਇਕੈਹਰੇ ਕਦੇ ਵੀ ਨਹੀਂ ਹੁੰਦੇ, ਇਸ ਦੀਆਂ ਬਹੁਤ ਸਾਰੀਆਂ ਪਰਤਾਂ ਹੁੰਦੀਆਂ ਹਨ, ਗੰਢੇ ਦੀ ਛਿੱਲ ਵਾਂਗ, ਵੱਖੋ ਵੱਖਰੀਆਂ ਪਰ ਆਪਸ ਵਿਚ ਜੁੜੀਆਂ ਹੋਈਆਂ। ਹਰ ਪਰਤ ਦਾ ਵੱਖਰਾ ਖੇਤਰ ਬਣਦਾ ਹੈ। ਸਮਾਜ ਵਿਚ ਵਿਰਦਿਆਂ ਹਰ ਪਰਤ ਨੇ ਹੀ ਸਮੇਂ ਨੂੰ ਥੋੜ੍ਹਾ-ਬਹੁਤਾ ਪ੍ਰਭਾਵਿਤ ਵੀ ਕਰਨਾ ਹੁੰਦਾ ਹੈ।

ਇਨਸਾਨੀ ਜ਼ਿੰਦਗੀ ਦਾ ਇਹ ਸਫਰ ਹਰ ਸਮਾਜ ਲਈ ਸਦੀਆ ਲੰਬਾ ਹੀ ਹੁੰਦਾ ਹੈ, ਸਥਿਤੀਆ ਰੂਪ ਵਟਾ ਕੇ ਸਮੇਂ ਨਾਲ ਬਦਲਦੀਆਂ ਰਹਿੰਦੀਆਂ ਹਨ। ਇਹ ਆਦਿ ਕਾਲ ਵਾਲੇ ਵਿਰਸੇ ਤੋਂ ਤੁਰਕੇ ਆਪਣੇ ਸੰਸਕਾਰਾਂ ਦੇ ਰਾਹੀਂ ਵਰਤਮਾਨ ਤੱਕ ਪਹੁੰਚਦਾ ਹੈ। ਅਸਲ ਕਰਮ ਖੇਤਰ ਵਰਤਮਾਨ ਹੀ ਹੁੰਦਾ ਹੈ ਜਿਸਦੀ ਪ੍ਰੇਰਨਾ ਇਤਿਹਾਸ ਅਤੇ ਆਪਣਾ ਵਿਰਸਾ ਹੀ ਹੁੰਦਾ ਹੈ। ਹਰ ਮਨੁੱਖ ਦੇ ਜੀਵਨ ਵਿੱਚ ਕੁੱਝ ਪਲ ਜਾਂ ਦਿਨ ਮਹੀਨੇ ਅਜਿਹੇ ਆਉਂਦੇ ਹਨ ਜਦੋਂ ਮਨੁੱਖੀ ਜ਼ਿੰਦਗੀ ਦੀ ਤੋਰ ਕਿਸੇ ਵੀ ਭਾਵਕ ਸਥਿਤੀ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ। ਇਸ ਸਥਿਤੀ ਵਿਚ ਵਿਚਰਨ ਵਾਲਾ ਭਾਵਕ ਮਨੁੱਖ ਕਈ ਵਾਰ ਡਾਵਾਂਡੋਲ ਵੀ ਹੁੰਦਾ ਹੈ- ਇਥੋਂ ਹੀ ਕਈ ਵਾਰ ਕੁੱਝ ਲੋਕ ਗੁਨਾਹ ਵਾਲੀ ਸੋਚ ਦੇ ਭਾਗੀ ਵੀ ਬਣ ਜਾਂਦੇ ਹਨ। ਇਹ ਕਿਸੇ ਦੀ ਵੀ ਜ਼ਿੰਦਗੀ ਦਾ ਗੈਰ-ਸੰਜੀਦਗੀ ਵਾਲਾ ਵਿਹਾਰ ਕਿਹਾ ਜਾਣਾ ਚਾਹੀਦਾ ਹੈ। ਕਿਉਂਕਿ ਭਾਵਕਤਾ ਅਤੇ ਸੰਜੀਦਗੀ ਕਿਸੇ ਵੀ ਮਸਲੇ ਬਾਰੇ ਨਦੀ ਦੇ ਦੋ ਕਿਨਾਰਿਆਂ ਵਰਗੇ ਦੋ ਪਹਿਲੂ ਹੁੰਦੇ ਹਨ। ਨਾ ਇਹ ਕਦੇ ਆਪਸ ਵਿੱਚ ਮਿਲਦੇ ਹਨ ਨਾ ਇਕ ਦੂਜੇ ਦਾ ਸਾਥ ਛੱਡਦੇ ਹਨ, ਭਾਵ ਕਿ ਇਕ ਦੂਜੇ ਤੋਂ ਬਿਨਾ ਅਧੂਰੇ ਹੁੰਦੇ ਹਨ। ਇਨ੍ਹਾਂ ਦੀ ਪਹਿਚਾਣ ਕਰ ਲੈਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਇਸ ਕਰਕੇ ਹੀ ਮਨੁੱਖਾਂ ਦੀ ਸੋਚ ਵਿਚ ਵਖਰੇਵੇਂ ਹੁੰਦੇ ਹਨ। ਇਹ ਹਰ ਖੇਤਰ ਵਿਚ ਹਨ। ਇੱਕੋ ਹੀ ਸਿਆਸੀ ਪਾਰਟੀ ਦੀ ਸਿਆਸਤ ਕਰਨ ਵਾਲੇ ਤੇ ਇੱਕੋ ਸਮਾਜ ਵਿਚ ਰਹਿਣ ਤੇ ਵਸਣ ਵਾਲੇ ਅਤੇ ਇਕੋ ਹੀ ਧਰਮ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਹਰ ਮਸਲੇ ਨੂੰ ਇੱਕੋ ਤਰ੍ਹਾਂ ਨਹੀਂ ਦੇਖਦੇ ਜਾਂ ਉਸ ਦੇ ਬਾਰੇ ਇੱਕੋ ਤਰ੍ਹਾਂ ਨਹੀਂ ਸੋਚਦੇ। ਇਕੋ ਹੀ ਮਸਲੇ ਬਾਰੇ ਹਰ ਵਿਅਕਤੀ ਦੀ ਵੱਖਰੀ ਦਲੀਲ ਤੇ ਪਹੁੰਚ ਇਸ ਗੱਲ ਦਾ ਸਬੂਤ ਹੈ। ਭਾਵੇਂ ਕਿ ਉਹ ਇਕ- ਦੂਸਰੇ ਦੇ ਵਿਰੋਧੀ ਨਹੀਂ ਹੁੰਦੇ ਸਗੋਂ ਆਪਸ ਵਿਚ ਇਕ ਦੂਸਰੇ ਦੇ ਸਾਥੀ ਦੱਸਦੇ ਹਨ ਆਪਣੇ ਆਪ ਨੂੰ। ਇਸਨੂੰ ਹੀ ਤਾਂ ਜ਼ਿੰਦਗੀ ਜੀਊਣ ਦਾ ਸਲੀਕਾ ਕਿਹਾ ਜਾਂਦਾ ਹੈ। ਇਸ ਸਲੀਕੇ ਕਰਕੇ ਹੀ ਵੱਖਰੇ ਵਿਅਕਤੀਗਤ ਵਿਚਾਰ ਹੁੰਦਿਆਂ ਹੋਇਆਂ ਵੀ ਅਜਿਹੇ ਇਨਸਾਨ ਇਕੋ ਇਕਾਈ ਦੇ ਜੁੜਵੇਂ ਆਕਾਰ ਹੁੰਦੇ ਹਨ। ਜਦੋਂ ਇਹਦੇ ਪਿਛੋਕੜ ਵਾਲੇ ਕਾਰਨਾਂ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਸਦਾ ਕਾਰਨ, ਉਨ੍ਹਾਂ ਸੱਜਣਾਂ ਦਾ ਪਾਲਣ-ਪੋਸ਼ਣ ਵੀ ਹੋ ਸਕਦਾ ਹੈ ਜਾਂ ਯਕੀਨੀ ਤੌਰ ਤੇ ਬੌਧਿਕ ਪੱਧਰ ਵਿੱਚ ਵਾਧ-ਘਾਟ ਵੀ ਹੁੰਦੀ ਹੈ। ਇਸ ਵਿੱਚ ਉਸ ਵਿਅਕਤੀ ਨੇ ਜੋ ਪੜ੍ਹਿਆ-ਲਿਖਿਆ ਜਾਂ ਆਪਣੇ ਤੌਰ ਤੇ ਜੋ ਸਿੱਖਿਆ, ਇਹ ਸਾਰਾ ਕੁੱਝ ਬਹੁਤ ਸਾਰਾ ਰੋਲ ਅਦਾ ਕਰਦੇ ਹਨ। ਉਹ ਜਿਸ ਸਮਾਜ ਵਿੱਚ ਰਹਿ ਰਿਹਾ ਹੈ ਉੱਥੇ ਦਾ ਮਾਹੌਲ ਕੀ ਹੈ, ਕੀ ਉਹ ਸਮੇਂ ਦੇ ਹਾਣ ਦਾ ਹੈ ਜਾਂ ਅਜੇ ਵੀ ਪਿੱਛੇ ਮੁੜ ਕੇ ਦੇਖੀ ਜਾਣ ਦੇ ਰੁਝਾਨ ਦਾ ਸ਼ਿਕਾਰ ਹੈ।

ਜਿਹੜੇ ਸਮਾਜ ਜਾਂ ਉਸਦੇ ਵਸਨੀਕ ਸਿਰਫ ਬੀਤੇ ਹੋਏ ਕੱਲ੍ਹ ਦੀ ਹੀ ਦੁਹਾਈ ਦੇਈ ਜਾਣ ਉਹ ਸਮੇਂ ਤੋਂ ਪਛੜ ਜਾਂਦੇ ਹਨ। ਬੀਤਿਆ ਹੋਇਆ ਕੱਲ੍ਹ ਮੁੜ ਦੁਹਰਾਇਆ ਨਹੀਂ ਜਾ ਸਕਦਾ ਪਰ ਉਹ ਸਾਡੀ ਪ੍ਰੇਰਨਾ ਬਣ ਸਕਦਾ ਹੈ, ਅਸੀਂ ਉਸ ਸਮੇਂ ਹੋਈਆਂ ਗਲਤੀਆਂ ਤੋਂ ਸਿੱਖ ਸਕਦੇ ਹਾਂ ਅਤੇ ਰਹਿ ਗਈਆਂ ਘਾਟਾਂ ਵੀ ਦੂਰ ਕਰ ਸਕਦੇ ਹਾਂ, ਪਰ ਸਮੇਂ ਨੇ ਅੱਜ ਦੀਆਂ ਸਥਿਤੀਆਂ ਵਿੱਚੋਂ ਕਿਵੇਂ ਗੁਜ਼ਰਨਾ/ਲੰਘਣਾਂ ਹੈ ਇਹ ਤਾਂ ਅੱਜ ਦੇ ਵਿਹੜੇ ਬੈਠ ਕੇ ਦੇਖਿਆ ਜਾਣਾ ਹੁੰਦਾ ਹੈ। ਕਿਸੇ ਵੀ ਮਸਲੇ ਬਾਰੇ ਵਿਚਾਰਦਿਆਂ ਆਉਣ ਵਾਲਾ ਕੱਲ੍ਹ ਸਾਡੀ ਸੋਚ ਵਿੱਚੋਂ ਗੈਰਹਾਜ਼ਰ ਨਹੀਂ ਹੋਣਾ ਚਾਹੀਦਾ। ਇਹ ਤਦ ਹੀ ਹੋ ਸਕਦਾ ਹੈ ਜੇ ਸਾਡੀ ਸੋਚ ਇਨਸਾਨੀ ਭਾਵਨਾਵਾਂ ਵਾਲੀ ਸਾਂਝ / ਦੋਸਤੀ ਨੂੰ ਆਪਣਾ ਧੁਰਾ ਮੰਨੇ । ਹਰ ਕਿਸੇ ਦੇ ਕੰਮ ਆਉਣ ਵਾਲੀ ਭਾਵਨਾ ਦਾ ਸਾਡੇ ਅੰਦਰ ਵਾਸ ਹੋਵੇ, ਭਾਵ ਕਹੀ ਜਾਂਦੀ 'ਸਰਬੱਤ ਦੇ ਭਲੇ ਦੀ ਸੋਚ' ਸਾਡੇ ਮੱਥੇ ਨੂੰ ਰੁਸ਼ਨਾਉਂਦੀ ਹੋਵੇ ਅਸੀਂ ਇਸ ਸੋਚ ਤੇ ਅਮਲ ਕਰਕੇ ਕਿਸੇ ਨੂੰ ਵੈਰੀ ਤੇ ਬੇਗਾਨਾ ਸਮਝਣ ਵਾਲੀ ਸੋਚ ਤੋਂ ਖਹਿੜਾ ਛੁਡਾ ਸਕੀਏ। ਇਹ ਕੁੱਝ ਕਰਨਾ ਬਹੁਤ ਔਖਾ ਹੈ, ਪਰ ਇਸ ਤੋਂ ਬਿਨਾਂ ਅਸੀਂ ਆਪਣੇ ਆਪ ਨੂੰ ਇਨਸਾਨ ਵੀ ਨਹੀਂ ਕਹਾ ਸਕਦੇ। ਇਹ ਕੁੱਝ ਕੀਤੇ ਬਿਨਾਂ ਜ਼ਿੰਦਗੀ ਬੇ-ਮਕਸਦੀ ਹੀ ਲੰਘ ਜਾਂਦੀ ਹੈ। ਜਿਹੜੇ ਲੋਕ ਚੰਗੀ, ਖੁਬਸੂਰਤ ਅਤੇ ਸਾਊ ਜ਼ਿੰਦਗੀ ਵਾਸਤੇ, ਸਮਾਜ ਨੂੰ ਲੋਕ ਭਲਾਈ ਦੇ ਯੋਗ ਬਨਾਉਣ ਦਾ ਸੰਘਰਸ਼ ਕਰਦੇ ਹਨ ਉਨ੍ਹਾਂ ਨੂੰ ਅਜਿਹੀਆਂ ਸਥਿਤੀਆਂ ਨਾਲ ਦੋ ਚਾਰ ਹੋਣਾ ਹੀ ਪੈਂਦਾ ਹੈ, ਉਹ ਜਿੱਤਣ ਜਾਂ ਨਾ ਪਰ ਹਾਰਨ ਵਾਲੇ ਲੋਕ ਨਹੀਂ ਹੁੰਦੇ।

ਅੱਜ ਦੇ ਮਨੁੱਖ ਦੀ ਤ੍ਰਾਸਦੀ ਹੀ ਇਹ ਹੈ ਕਿ ਅੱਜ ਦਾ ਮਨੁੱਖ ਆਮ ਕਰਕੇ ਦੂਜਿਆਂ ਵਲ ਦੇਖ ਕੇ ਜੀਊਣ ਦਾ ਆਦੀ ਹੋ ਗਿਆ ਹੈ ਜਿਸਨੂੰ ਸੌਖੀ ਪੰਜਾਬੀ ਵਿੱਚ ਅਸੀਂ 'ਰੀਸ ਨੂੰ ਘੜੀਸ' ਵੀ ਆਖਦੇ ਹਾਂ। ਅਜਿਹੀ ਪ੍ਰੇਰਨਾ ਵੀ ਮਨੁੱਖ ਸਮਾਜ ਤੋਂ ਹੀ ਲੈ ਰਿਹਾ ਹੈ। ਇੱਥੇ ਫੇਰ ਸਵਾਲ ਉੱਠਦਾ ਹੈ ਕਿ ਸਮਾਜ ਹੈ ਕੀ - ਇਨਸਾਨਾਂ ਦਾ ਸਮੂਹ ਹੀ ਹੈ ਨਾ। ਬਚਪਨ ਤੋਂ ਲੈ ਕੇ ਬੁਢਾਪੇ ਤੱਕ ਜਾਣ ਦਾ ਸਫਰ, ਬਦਲਦੀਆਂ ਸਥਿਤੀਆਂ ਇਹ ਸਭ ਮਿਲਕੇ ਹੀ ਸਾਨੂੰ ਪ੍ਰਭਾਵਿਤ ਕਰਦੇ ਹਨ । ਜਿਸ ਪ੍ਰਭਾਵ ਹੇਠ ਅਸੀਂ ਆਪਣੀ ਤੇ ਭਾਈਚਾਰੇ ਦੇ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਕਰਕੇ ਜੀਉਣ ਦਾ ਰਸਤਾ ਭਾਲਦੇ ਹਾਂ। ਇਹ ਜਰੂਰੀ ਵੀ ਨਹੀਂ ਹੁੰਦਾ ਕਿ ਜਿਸ ਉਦੇਸ਼/ਕਾਜ਼ ਵਾਸਤੇ ਅਸੀਂ ਲੜ ਰਹੇ ਹੋਈਏ ਉਸ ਵਿੱਚ ਅਸੀਂ ਹਮੇਸ਼ਾ ਕਾਮਯਾਬ ਹੀ ਹੋਈਏ। ਸਭ ਤੋਂ ਮਾੜੀ ਤੇ ਨਾਂਹ ਪੱਖੀ ਗੱਲ ਹੁੰਦੀ ਹੈ - ਹਾਰ ਮੰਨ ਲੈਣੀ। ਅਜਿਹਾ ਕਦੇ ਵੀ ਸੋਚਣਾ ਨਹੀਂ ਚਾਹੀਦਾ ਅਜਿਹਾ ਕਦੇ ਵੀ ਨਹੀਂ ਕਰਨਾ ਚਾਹੀਦਾ। ਇੱਥੇ ਜਰਮਨੀ ਦੇ ਚਿੰਤਕ ਬਰਤੋਲਤ ਬਰੈਖਤ ਦਾ ਇਹ ਕਥਨ ਤੁਹਾਡੇ ਨਾਲ ਸਾਂਝਾ ਕਰਨਾ ਜਰੂਰੀ ਹੈ ਜਿਵੇਂ ਉਹ ਕਹਿੰਦਾ ਹੈ ਕਿ :''ਜਿਹੜਾ ਸੰਘਰਸ਼ ਕਰਦਾ ਹੈ, ਉਹ ਹਾਰ ਸਕਦਾ ਹੈ, ਜਿਹੜਾ ਸੰਘਰਸ਼ ਕਰਦਾ ਹੀ ਨਹੀਂ, ਉਹ ਪਹਿਲਾਂ ਹੀ ਹਾਰਿਆ ਹੋਇਆ ਹੈ ''।

ਇਨ੍ਹਾਂ ਸਤਰਾਂ ਵਿੱਚ ਸੁਨੇਹਾ ਤਾਂ ਸਾਫ ਹੈ ਕਿ ਬਿਨਾ ਲੜੇ, ਬਿਨਾ ਸੰਘਰਸ਼ ਕੀਤੇ - ਕਿਉਂ ਹਾਰ ਮੰਨੀ ਜਾਵੇ? ਇੱਥੇ ਹੀ ਆਪਣੀ ਮਾਂ ਬੋਲੀ ਪੰਜਾਬੀ ਦੇ ਪਹਿਲੇ ਕਵੀ ਬਾਬਾ ਸ਼ੇਖ ਫਰੀਦ ਜੀ ਸਾਨੂੰ ਚੇਤੰਨ ਕਰਦਿਆਂ ਸਿੱਖਿਆ ਦਿੰਦੇ ਹਨ ਉਨ੍ਹਾਂ ਦੇ ਅਮੁੱਲੇ ਵਿਚਾਰਾਂ ਨੂੰ ਚੇਤੇ ਕਰਦਿਆਂ ਅਸੀਂ ਆਪਣੇ ਬਾਰੇ ਬਹੁਤ ਕੁੱਝ ਜਾਣ ਸਕਦੇ ਹਾਂ - ਆਪਣਾ ਆਤਮ ਚਿੰਤਨ-ਮੰਥਨ ਵੀ ਕਰ ਸਕਦੇ ਹਾਂ, ਬਾਬਾ ਫਰੀਦ ਜੀ ਫਰਮਾਉਂਦੇ ਹਨ :

ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕਮੜੇ ਵਿਸਾਰੁ
ਮਤੁ ਸ਼ਰਮਿੰਦਾ ਥੀਵਹੀ ਸਾਈਂ ਦੇ ਦਰਬਾਰ ॥

ਇਹ ਸਾਈਂ ਦਾ ਦਰਬਾਰ ਮੇਰੇ ਵਿਚਾਰ 'ਚ ਸਾਡਾ ਸਮਾਜ ਹੀ ਹੈ (ਧਾਰਮਕ ਪੱਖੋਂ ਕੁੱਝ ਹੋਰ ਵੀ ਹੋ ਸਕਦਾ ਹੈ) ਜਿਸ ਵਿਚ ਅਸੀਂ ਨਿਤ ਦਿਨ ਵਿਚਰ ਰਹੇ ਹਾਂ ਇੱਥੇ ਆਪਣੇ ਆਪ ਦਾ ਮੁਲੰਕਣ ਆਪ ਵੀ ਕਰਦੇ ਰਹਿਣਾ ਚਾਹੀਦਾ ਹੈ। ਸਿਰਫ ਆਪਣੀਆਂ ਝੂਠੀਆਂ ਸਿਫਤਾਂ ਸੁਣਕੇ ਐਵੇਂ ਹੀ ਗੁਬਾਰੇ ਵਾਂਗ ਫੁੱਲ ਨਹੀਂ ਜਾਣਾ ਚਾਹੀਦਾ, ਯਾਦ ਰੱਖਣਾ ਚਾਹੀਦਾ ਹੈ ਕਿ ਫੂਕ ਥੋੜ੍ਹੀ ਜਹੀ ਵੱਧ ਹੋ ਜਾਵੇ ਤਾਂ ਇਕ ਛਿਣ ਹੀ ਗੁਬਾਰੇ ਦੀ ਠਾਹ ਬੋਲ ਜਾਂਦੀ ਹੈ। ਇਸ ਤੋਂ ਬਚਣਾ ਵੀ ਸਾਡਾ ਕਾਰਜ ਹੋਣਾ ਚਾਹੀਦਾ ਹੈ। ਪਰ ਇਸ ਵਾਸਤੇ ਮਨੁੱਖ ਆਪਣੇ ਕੰਮਾਂ ਵਿੱਚ ਸਚਿਆਰਾ ਵੀ ਹੋਵੇ ਤੇ ਸੂਝ ਪੱਖੋਂ ਸਮੇਂ ਦੇ ਹਾਣ ਦਾ ਜਾਂ ਸਮੇਂ, ਸਥਿਤੀਆਂ ਨੂੰ ਪਰਖਣ ਜੋਗੀ ਅਕਲ ਦਾ ਮਾਲਕ ਵੀ ਹੋਵੇ। ਇਹ ਤਦ ਹੀ ਸੰਭਵ ਹੋ ਸਕਦਾ, ਜੇ ਸਾਡੇ ਪੱਲੇ ਸੱਚ ਤੇ ਇਮਾਨਦਾਰੀ ਹੋਵੇ। ਫੇਰ ਕਿਸੇ ਵੀ ਘਟਨਾਕ੍ਰਮ ਦਾ ਕੋਈ ਵੀ ਸਿੱਟਾ ਨਿਕਲੇ ਉਸ ਨਾਲ ਮਨ ਵਿੱਚ ਉਦਾਸੀ ਪੈਦਾ ਨਹੀਂ ਹੋ ਸਕਦੀ। ਇਸ ਨਾਲ ਮਨੁੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਇਸ ਬਾਰੇ ਸਾਨੂੰ ਆਪ ਹੀ ਜਤਨਸ਼ੀਲ ਹੋਣਾ ਪਵੇਗਾ ਜਿਸ ਰਾਹੇ ਪਿਆਂ ਅਸੀਂ ਮੂਰਖਾਂ ਨਾਲ ਲੜਨੋਂ ਝਗੜਨੋ ਵੀ ਬਚ ਰਵ੍ਹਾਂਗੇ, ਵਕਤ ਅਜਾਈਂ ਨਹੀਂ ਜਾਵੇਗਾ ਅਤੇ ਕੁੱਝ ਪ੍ਰਾਪਤ ਵੀ ਕਰ ਸਕਾਂਗੇ। ਇਸ ਕਰਮ ਨਾਲ ਮਨੁੱਖ ਸਮਾਜ ਨੂੰ ਕੱਝ ਚੰਗਾ ਵੀ ਦੇ ਸਕਦਾ ਹੈ- ਇਹ ਵਿਚਾਰ ਵੀ ਹੋ ਸਕਦੇ ਹਨ, ਜੋ ਦੂਜਿਆਂ ਨੂੰ ਪ੍ਰਭਾਵਿਤ ਕਰਕੇ ਉਨ੍ਹਾਂ ਦੀ ਜ਼ਿੰਦਗੀ ਸਫਲ ਕਰਨ ਵਿਚ ਕੰਮ ਆ ਸਕਦੇ ਹਨ। ਇਕ ਦੂਜੇ ਦੀ ਸਹਾਇਆ ਕਰਕੇ ਹੀ ਚੰਗੇ ਸਮਾਜ ਦੀ ਸਿਰਜਣਾ ਦਾ ਕਾਰਜ ਸਿਰੇ ਚਾੜ੍ਹਿਆ ਜਾ ਕਦਾ ਹੈ।

ਵਰਤਮਾਨ ਬਾਰੇ ਵਿਚਾਰਦਿਆਂ ਸਾਨੂੰ ਇਹ ਸੋਚਣਾ ਪੈਂਦਾ ਹੈ ਕਿ ਬਹੁਤ ਸਾਰੇ ਸਮਾਜਾਂ ਅੰਦਰ ਜੁਰਮ ਹੋ ਰਹੇ ਹਨ। ਇਸ ਵਾਸਤੇ ਕਿਸੇ ਇਕੱਲੇ/ਦੁਕੱਲੇ ਨੂੰ ਕਸੂਰਵਾਰ ਨਹੀਂ ਕਿਹਾ ਜਾ ਸਕਦਾ। ਇਹ ਰਾਜ ਸੱਤਾ ਵਜੋਂ ਕੀਤੇ ਜਾਂਦੇ ਕੰਮਾਂ ਦਾ ਪ੍ਰਤੀਕਰਮ ਜਾਂ ਵਿਰੋਧ ਵੀ ਹੋ ਸਕਦਾ ਹੈ। ਚੇਤੇ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਵਿਰੋਧ ਕਰਨ ਵਾਸਤੇ ਕਿਸੇ ਦੂਸਰੇ ਦੇ ਮਨ ਨੂੰ ਠੇਸ ਨਾ ਪਹੁੰਚਾਈ ਜਾਵੇ। ਜੇ ਕੋਈ ਇਹ ਚਾਹੁੰਦਾ ਹੋਵੇ ਕਿ ਦੂਸਰੇ ਉਸਦਾ ਸਤਿਕਾਰ ਕਰਨ ਤਾਂ ਪਹਿਲਾਂ ਆਪ ਨੂੰ ਦੂਸਰਿਆਂ ਦਾ ਸਤਿਕਾਰ ਕਰਨਾ ਸਿੱਖਣਾ ਪਵੇਗਾ, ਇਸ 'ਤੇ ਅਮਲ ਕਰਨਾ ਪਵੇਗਾ। ਇਹ ਕੁੱਝ ਕਰਨਾ ਹੈ ਬਹੁਤ ਔਖਾ ਪਰ ਇਸ ਤੋਂ ਬਿਨਾਂ ਸਰ ਵੀ ਨਹੀਂ ਸਕਦਾ। ਇਹ ਸੰਸਾਰ ਹੈ ਹੀ ਅਜਿਹਾ ਕਿ ਇੱਥੇ ਆਪਣੇ ਵਲੋਂ ਕੋਈ ਕਿਸੇ ਨੂੰ ਕੁੱਝ ਨਹੀਂ ਦਿੰਦਾ। ਜੋ ਤੁਸੀਂ ਕਿਸੇ ਨੂੰ ਦੇਵੋਗੇ ਉਹ ਹੀ ਵਾਪਸ ਆਵੇਗਾ। ਭਾਵ ਇਹ ਬਣਦਾ ਹੈ ਕਿ ਜੀ ਕਹੋ ਤੇ ਜੀ ਕਹਾਉ, ਜੇ ਕਿਸੇ ਨੂੰ ਉਏ ਕਹੋਗੇ ਤਾਂ ਅੱਗਿਉਂ ਵੀ ਵੱਖਰੇ ਜਵਾਬ ਦੀ ਉਡੀਕ ਨਹੀਂ ਕੀਤੀ ਜਾਣੀ ਚਾਹੀਦੀ। ਇਹ ਬਹੁਤ ਹੀ ਸਾਧਾਰਨ ਜਿਹਾ ਗੁਰ ਹੈ ਪਰ ਹੈ ਅਣਮੁੱਲਾ। ਜਿਸ ਨਾਲ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ। ਅਜਿਹੇ ਗੁਰ ਜਾਂ ਗੁਣ ਮਨੁੱਖ ਦੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਬਹੁਤ ਸਹਾਈ ਹੁੰਦੇ ਹਨ। ਮਨੁੱਖ ਜਦੋਂ ਅਜਿਹੇ ਗੁਰਾਂ ਜਾਂ ਗੁਣਾਂ ਦਾ ਧਾਰਨੀ ਹੋ ਜਾਵੇ ਤਾਂ ਇਹ ਸੰਸਾਰ ਖੁਬਸੂਰਤ ਦਿਸਣ ਜਾਂ ਹੋਣ ਲੱਗ ਪੈਂਦਾ ਹੈ। ਫੇਰ ਕਿਉਂ ਨਾ ਇਸ ਸੰਸਾਰ ਨੂੰ ਖੁਬਸੂਰਤ ਬਨਾਉਣ ਦੇ ਰਾਹੇ ਪਿਆ ਜਾਵੇ?

ਜਦੋਂ ਕੋਈ ਵਿਅਕਤੀ ਆਪਣਿਆਂ ਨਾਲ ਹੀ ਚੁਸਤ ਚਲਾਕੀਆਂ ਕਰੇ, ਕਿਸੇ ਲਾਲਚ ਵਸ ਬੇਗਾਨਿਆਂ ਦੇ ਸਾਹੀਂ ਜੀਊਣ ਲੱਗੇ, ਜੋ ਸਾਡੇ ਇਤਿਹਾਸਕ ਅਤੇ ਮਿਥਿਹਾਸਕ ਵਿਰਸੇ ਵਿਚ ਵੀ ਕਿਧਰੇ ਕਿਧਰੇ ਦੇਖਣ ਨੂੰ ਮਿਲਦਾ ਹੈ ਤਾਂ ਅਜਿਹੇ ਉਦਾਸ ਵਰਤਾਰੇ ਨਾਲ ਸਮਾਜ ਅੰਦਰ ਵਿਗਾੜ ਪੈਦਾ ਹੁੰਦੇ ਹਨ ਤੇ ਮਨੁੱਖਾਂ ਦੇ ਮਨਾਂ ਵਿੱਚ ਵਿੱਥਾਂ ਪੈਣ ਲਗਦੀਆਂ ਹਨ। ਇਹ ਕਿਸੇ ਵੀ ਸਮਾਜ ਵਾਸਤੇ ਹਾਨੀਕਾਰਕ ਹੀ ਸਾਬਤ ਹੁੰਦਾ ਹੈ। ਕਿਸੇ ਭੈੜੇ ਮਨੁੱਖ ਵਿਚ ਵੀ ਕੁੱਝ ਚੰਗਿਆਈਆਂ ਜਰੂਰ ਹੁੰਦੀਆਂ ਹਨ- ਇਸ ਬਾਰੇ ਉਸ ਮਨੁੱਖ ਨੂੰ ਸੁਚੇਤ ਕਰਨਾ ਚਾਹੀਦਾ ਹੈ, ਇਸ ਨਾਲ ਉਹ ਆਪਣੇ ਭੈੜ ਤਿਆਗਣ ਵਲ ਵਧਣ ਦੀ ਕੋਸ਼ਿਸ਼ ਕਰ ਸਕਦਾ ਹੈ ਸਕਦਾ ਹੈ। ਇਸ ਬਾਰੇ ਖੋਜਿਆਂ ਬਹੁਤ ਸਾਰੀਆਂ ੳਦਾਹਰਣਾਂ ਵੀ ਲੱਭ ਪੈਣਗੀਆਂ।

ਦੁਨੀਆਂ ਵਿਚ ਵਸਦਾ ਹਰ ਮਨੁੱਖ ਜ਼ਿੰਦਗੀ ਨੂੰ ਪਿਆਰ ਕਰਦਾ ਹੈ । ਇਨਸਾਨਾਂ ਦਾ ਕੁਦਰਤੀ ਵਰਤਾਰਿਆਂ ਰਾਹੀਂ ਇਸ ਜਹਾਨ ਵਿੱਚ ਆਉਣਾ ਤੇ ਜਾਣਾ ਸਭ ਤੈਅ ਹੈ। ਕਿਸੇ ਨੂੰ ਵਿਅਕਤੀਗਤ ਜਾਂ ਸਰਕਾਰੀ ਪੱਧਰਾਂ ਤੇ ਕਿਸੇ ਦੀ ਜ਼ਿੰਦਗੀ ਨੂੰ ਔਖਾ ਕਰਨ ਦਾ ਕੋਈ ਹੱਕ ਨਹੀਂ। ਸਰਕਾਰਾਂ ਦੇ ਆਪੋ- ਆਪਣੇ ਸਿਸਟਮ ਹਨ। ਸਰਕਾਰੀ ਤੰਤਰ ਵਲੋਂ ਇਨ੍ਹਾਂ ਸਰਕਾਰੀ ਨੇਮਾਂ/ਕਾਨੂੰਨਾਂ ਨੂੰ ਇਨਸਾਨਾਂ ਵਾਸਤੇ ਪਿੰਜਰਾ ਨਹੀਂ ਬਣਾ ਦੇਣਾ ਚਾਹੀਦਾ ਸਗੋਂ ਜੋ ਅਮਨ /ਸ਼ਾਂਤੀ ਨਾਲ ਜੀਊਣਾ ਚਾਹੇ ਉਸ ਨੂੰ ਜੀਊਣ ਦੇਣਾ ਚਾਹੀਦਾ ਹੈ। ਕਈ ਜਗ੍ਹਾ ਅਜਿਹਾ ਨਹੀਂ ਹੁੰਦਾ ਤਾਂ ਉੱਥੇ ਸਮਾਜ ਵਿੱਚ ਵਿਗਾੜ ਪੈਣੇ ਸ਼ੁਰੂ ਹੋ ਜਾਂਦੇ ਹਨ। ਇਹ ਵਧ ਜਾਣ ਤਾਂ ਸਾਰਾ ਸਮਾਜ ਹੀ ਅਫਰਾ-ਤਫਰੀ ਦੇ ਵਸ ਪੈ ਜਾਂਦਾ ਹੈ। ਇਸ ਦੀ ਲਪੇਟ ਵਿੱਚ ਬੇਕਸੂਰੇ ਵੀ ਆ ਜਾਂਦੇ ਹਨ। ਕਈ ਵਾਰ ਅਜਿਹੇ ਬੇਕਸੂਰਾਂ ਨੂੰ ਜਿੰਦਗੀ ਤੋਂ ਹੀ ਹੱਥ ਵੀ ਧੋਣੇ ਪੈ ਜਾਂਦੇ ਹਨ। ਇਸ ਤਰ੍ਹਾਂ ਕਿਧਰੇ ਵੀ ਅਤੇ ਕਦੇ ਵੀ ਨਹੀਂ ਹੋਣਾ ਚਾਹੀਦਾ।

ਇਹ ਵੀ ਯਾਦ ਰਹੇ ਕਿ ਦਹਿਸ਼ਤਗਰਰਦੀ ਸਰਕਾਰੀ ਹੋਵੇ ਜਾਂ ਗੈਰਸਰਕਾਰੀ ਉਹ ਸਮਾਜ ਅੰਦਰ ਦਹਿਸ਼ਤ ਹੀ ਪੈਦਾ ਨਹੀਂ ਕਰਦੀ ਸਗੋਂ ਸਮਾਜ ਨੂੰ ਫਿਰਕਿਆਂ ਵਿਚ ਵੰਡਣ ਦਾ ਭੈੜਾ ਕਾਰਜ ਵੀ ਕਰਦੀ ਹੈ ਭਾਵ ਭਾਈਚਾਰਕ ਸਾਂਝ ਦਾ ਖਾਤਮਾ ਕੀਤਾ ਜਾਂਦਾ ਹੈ। ਕਾਮੇ-ਕਿਰਤੀਆਂ ਵਿਚ ਫਰਕ ਦੀਆਂ ਲਕੀਰਾਂ ਖਿੱਚ ਦਿੰਦੀ ਹੈ। ਚਾਨਣੇ ਮੱਥੇ ਵਾਲੇ ਸਮਾਜ ਦੇ ਚੇਤੰਨ ਵਰਗ ਅਤੇ ਸਮਾਜ ਦੀ ਅਗਵਾਈ ਕਰਨ ਅਤੇ ਸੇਧ ਦੇਣ ਦੀ ਸਮਰੱਥਾ ਰੱਖਣ ਵਾਲੇ ਸੂਝਵਾਨ ਬੁੱਧੀਜੀਵੀ ਵੀ ਇਸਦਾ ਨਿਸ਼ਾਨਾ ਬਣਾ ਦਿੱਤੇ ਜਾਂਦੇ ਹਨ- ਸਮਾਜ ਦਾ ਭਲਾ ਚਾਹੁਣ ਵਾਲਿਆਂ ਨੂੰ ਕਈ ਵਾਰ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਹਨ। ਕਈ ਲੋਕ ਹਿੰਸਾ ਦੀ ਹਮਾਇਤ ਕਰਦਿਆਂ ਸਿਰਫ ਆਪਣੀ ਹਿੰਸਾਂ ਨੂੰ ਜਾਇਜ਼ ਅਤੇ ਦੂਸਰਿਆਂ ਦੀ ਹਿੰਸਾਂ ਨੂੰ ਨਾਜਾਇਜ਼ ਆਖਦੇ ਸੁਣੇ ਜਾਂਦੇ ਹਨ। ਇਹ ਬਿਲਕੁੱਲ ਠੀਕ ਨਹੀਂ। ਕਈ ਮਾੜਾ ਕੰਮ ਕਰਕੇ ਵੀ ਆਪਣੇ ਆਪ ਨੂੰ ਠੀਕ ਦੱਸਣ ਵਾਲੇ ਜਿੰਦਗੀ ਤੋਂ ਉੱਖੜੇ ਹੋਏ ਲੋਕ ਹੁੰਦੇ ਹਨ, ਹੋ ਸਕਦਾ ਇਹ ਵੀ ਮਾਨਸਿਕ ਰੋਗ ਹੀ ਹੋਵੇ। ਹਿੰਸਾ, ਸਾਊ ਅਤੇ ਸੁਹਜ ਭਰਪੂਰ ਜ਼ਿੰਦਗੀ ਜੀਊਣ ਦੇ ਰਾਹ ਦੀ ਵਿਰੋਧੀ ਹੁੰਦੀ ਹੈ। ਚੰਗੀ ਜ਼ਿੰਦਗੀ ਜੀਊਣ ਦੇ ਰਾਹੇ ਤੁਰਨ ਵਾਸਤੇ ਹਿੰਸਾ ਤੋਂ ਬਚਿਆ ਹੀ ਜਾਣਾ ਚਾਹੀਦਾ ਹੈ। ਕਿਉਂਕਿ ਇਹ ਸਮਾਜ ਵਿੱਚ ਹੋਰ ਵਿਗਾੜ ਪੈਦਾ ਕਰਨ ਦੇ ਸਬੱਬ ਪੈਦਾ ਕਰਦੀ ਹੈ।

ਸੱਚਾ-ਸੱਚਾ ਜੀਵਨ ਜੀਊਣਾ ਸਭ ਤੋਂ ਔਖਾ ਹੁੰਦਾ ਹੈ। ਸੱਚ ਦਾ ਸਾਹਮਣਾ ਉਹ ਹੀ ਲੋਕ ਕਰ ਸਕਦੇ ਹਨ ਜਿਨ੍ਹਾਂ ਦਾ ਦਿਲ ਫੁੱਲ ਵਰਗਾ ਨਰਮ ਹੋਵੇ ਤੇ ਜੇਰਾ ਫੌਲਾਦ ਵਰਗਾ ਤਕੜਾ ਹੋਵੇ। ਇਨਸਾਨੀਅਤ ਨੂੰ ਪਿਆਰ ਕਰਨ ਦਾ ਇਹ ਵੀ ਇਕ ਰਾਹ ਹੈ। ਇਹ ਰਾਹ ਕਦੇ ਵੀ ਛੱਡਿਆ ਨਹੀਂ ਜਾਣਾ ਚਾਹੀਦਾ। ਸਰਬੱਤ ਦੇ ਭਲੇ ਵਾਲਾ ਪੰਜਾਬੀਆਂ ਦਾ ਦਾਰਸ਼ਨਿਕ ਵਿਰਸਾ ਸਾਨੂੰ ਇਹ ਹੀ ਸੁਨੇਹਾ ਦਿੰਦਾ ਹੈ- ਇਸ ਸੁਨੇਹੇ ਨੂੰ ਮਨੁੱਖਤਾ ਦੇ ਭਲੇ ਵਾਸਤੇ ਅਮਲ ਵਿਚ ਢਾਲਣਾ ਸਾਡੀ ਜੁੰਮੇਵਾਰੀ ਹੋਣੀ ਚਾਹੀਦੀ ਹੈ।

ਜਿੱਥੇ ਵੀ ਜੁਰਮ ਹੁੰਦੇ ਹਨ ਸਰਕਾਰ ਦਾ ਕੰਮ ਹੋਣਾ ਚਾਹੀਦਾ ਹੈ, ਮੁਜਰਮਾਂ ਦੀ ਇਸ ਬਿਰਤੀ ਦੇ ਪੈਦਾ ਕਰਨ ਵਾਲੇ ਹਰ ਕਾਰਨ ਦੀ ਘੋਖ ਕਰਕੇ ਉਸਦਾ ਖਾਤਮਾਂ ਕਰਨਾ। ਬਹੁਤ ਸਾਰੇ ਮੁਜਰਿਮ ਕਹੇ ਜਾਂਦੇ ਲੋਕ ਅਨਿਆਂ ਤੋਂ ਦੁਖੀ ਹੋਏ ਅਜਿਹੇ ਰਸਤੇ ਪੈ ਜਾਂਦੇ ਹਨ, ਜੋ ਨਾ ਉਨ੍ਹਾਂ ਵਾਸਤੇ ਤੇ ਨਾ ਸਮਾਜ ਵਾਸਤੇ ਚੰਗਾ ਹੁੰਦਾ ਹੈ। ਹਰ ਦੇਸ਼ ਦੀ ਸਰਕਾਰ ਆਪਣੇ ਰਾਜ ਪ੍ਰਬੰਧ ਨੁੰ ਚਲਾਉਣ ਵਾਸਤੇ ਕਾਨੂੰਨ ਬਣਾਉਂਦੀ ਹੈ ਪਰ ਸਾਰੇ ਕਾਨੂੰਨ ਲੋਕਾਂ ਦੇ ਭਲੇ ਦੇ ਹੀ ਨਹੀਂ ਹੁੰਦੇ । ਕੁੱਝ ਕਾਨੂੰਨ ਲੋਕ ਮਨਾਂ ਵਿੱਚ ਉਦਾਸੀਨਤਾ ਜਾਂ ਗੁੱਸਾ ਪੈਦਾ ਕਰਦੇ ਹਨ। ਦੁਨੀਆਂ ਦੇ ਕਾਫੀ ਸਾਰੇ ਮੁਲਕਾਂ ਵਿੱਚ ਅਜਿਹੇ ਕਾਨੂੰਨ ਮੌਜੂਦ ਹਨ ਕਿ ਕਿਸੇ ਜੁਰਮ ਦੇ ਬਦਲੇ ਕਿਸੇ ਮਿੱਥੇ ਗਏ ਮੁਜਰਮ ਨੂੰ ਉਸਦਾ ਜੁਰਮ ਸਾਬਤ ਹੋ ਜਾਣ 'ਤੇ ਗੈਰ ਕੁਦਰਤੀ ਤਰੀਕੇ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਹੈ ਜਿਸ ਨਾਲ ਉਸਨੂੰ ਇਸ ਦੁਨੀਆਂ ਤੋਂ ਚੱਲਦਾ ਕਰ ਦਿੱਤਾ ਜਾਂਦਾ ਹੈ। ਇਸ ਨੂੰ ਮੌਤ ਦੀ ਸਜ਼ਾ ਜਾਂ ਫਾਂਸੀ ਦੀ ਸਜ਼ਾ ਦਾ ਕਾਨੂੰਨ ਆਖਿਆ ਜਾਂਦਾ ਹੈ। ਦਰਅਸਲ ਕਿਸੇ ਵੀ ਜੁਰਮ ਦੇ ਬਦਲੇ ਮੌਤ ਦੀ ਸਜ਼ਾ ਖਤਮ ਕਰਨ ਦੀ ਮੰਗ 1795 ਵਿੱਚ ਫਰਾਂਸ ਦੇ ਅੰਦਰ ਹੋਈ ਸੀ। ਅੱਜ ਤੋਂ ਸਵਾ ਕੁ ਦੋ ਸੌ ਸਾਲ ਪਹਿਲਾਂ। ਫੇਰ 1970 ਤੋਂ 1990 ਦੇ ਸਮੇਂ ਦਰਮਿਆਨ ਕਾਫੀ ਸਾਰੇ ਮੁਲਕਾਂ ਨੇ ਆਪਣੇ ਕਾਨੂੰਨਾਂ ਵਿੱਚ ਸੋਧ ਕਰਕੇ ਆਪਣੇ ਮੁਲਕਾਂ ਵਿੱਚੋਂ ਕਿਸੇ ਵੀ ਜੁਰਮ ਦੇ ਬਦਲੇ ਮੌਤ ਦੀ ਸਜ਼ਾ ਖਤਮ ਕਰ ਦਿੱਤੀ ਹੈ। ਇਸੇ ਤਰ੍ਹਾਂ ਯੂਨਾਈਟਡ ਨੇਸ਼ਨਜ਼ / ਯੂ ਐਨ ੳ ਨੇ 1907 ਵਿੱਚ ਸਾਰੇ ਮੁਲਕਾਂ ਨੂੰ ਮੌਤ ਦੀ ਸਜ਼ਾ ਖਤਮ ਕਰਨ ਦਾ ਸੱਦਾ ਦਿੱਤਾ ਸੀ। ਪਰ ਅਜੇ ਤੱਕ ਵੀ ਕਾਫੀ ਸਾਰੇ ਮੁਲਕਾਂ ਨੇ ਇਸ ਨੂੰ ਖਤਮ ਕਰਨ ਵੱਲ ਕਦਮ ਨਹੀਂ ਪੁਟੇ, ਜੋ ਪੁੱਟੇ ਜਾਣੇ ਚਾਹੀਦੇ ਹਨ। ਇਸ (ਫਾਂਸੀ ਜਾਂ ਮੌਤ) ਦੀ ਥਾਵੇਂ ਬਹੁਤ ਹੀ ਘਿਨਾਉਣੇ ਜੁਰਮਾਂ ਵਾਸਤੇ ਉਮਰ ਭਰ ਦੀ ਲਮਕਵੀਂ ਸਜ਼ਾ ਦਾ ਵੀ ਕਈ ਥਾਂ ਚਲਣ ਦੇਖਿਆ ਜਾ ਸਕਦਾ ਹੈ। ਇਸ ਨਾਲ ਮੁਜਰਿਮ ਨੂੰ ਆਪਣੇ ਕੀਤੇ ਦਾ ਪਛਤਾਵਾ ਸਤਾਉਂਦਾ ਹੈ ਤਾਂ ਹੋ ਸਕਦਾ ਹੈ ਇਸ ਤਰ੍ਹਾਂ ਉਸ ਇਨਸਾਨ ਦੇ ਮਨ ਦੀ ਅਵਸਥਾ ਬਦਲ ਜਾਵੇ। ਇਹ ਜਿੰਦਗੀ ਦੇ ਪੱਖੀ ਲੋਕਾਂ ਵਾਸਤੇ ਮੰਨਣਯੋਗ ਤੇ ਸਵੀਕਾਰਨਯੋਗ ਹੈ। ਫੇਰ ਕਿਉਂ ਨਾ ਇਸ ਪਾਸੇ ਵੱਲ ਕਦਮ ਪੁੱਟੇ ਜਾਣ?

ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਮੁਲਕ ਵਿੱਚ , ਹਰ ਜੁਰਮ ਵਾਸਤੇ ਸਜ਼ਾ ਮਿੱਥੀ ਗਈ ਹੈ ਉਨ੍ਹਾਂ ਸਜਾਵਾਂ ਰਾਹੀਂ ਮੁਜਰਮਾਂ ਨਾਲ ਸਿੱਝਿਆ ਜਾਣਾ ਚਾਹੀਦਾ ਹੈ। ਪਰ ਕਿਸੇ ਨੂੰਂ ਵੀ ਗੈਰ ਕੁਦਰਤੀ ਮੌਤ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ। ਕਿਸੇ ਵੀ ਜੁਰਮ ਦੇ ਬਦਲੇ ਸਾਰੀ ਦੁਨੀਆਂ ਵਿੱਚੋਂ ਮੌਤ ਦੀ ਸਜ਼ਾ ਖਤਮ ਹੋਣੀ ਚਾਹੀਦੀ ਹੈ। ਇਹ ਕਦਮ ਜ਼ਿੰਦਗੀ ਜੀਊਣ ਵੱਲ ਜਾਂਦਾ ਰਾਹ ਹੈ ਤੇ ਇਨਸਾਨ ਕੋਲ ਜ਼ਿੰਦਗੀ ਤੋਂ ਵੱਡੀ ਨਿਆਮਤ ਹੋਰ ਕੋਈ ਨਹੀਂ। ਇਹ ਨਿਆਮਤ ਕਿਸੇ ਤੋਂ ਵੀ ਖੋਹਣੀ ਨਹੀਂ ਚਾਹੀਦੀ। ਪਰ ਕਿਸੇ ਵੀ ਜੁਰਮ ਬਦਲੇ ਬਣਦੀ ਸਜ਼ਾ ਦੇ ਕੇ ਸਮਾਜ ਦਾ ਤਵਾਜ਼ਨ ਵਿਗੜਨ ਤੋਂ ਬਚਾਇਆ ਜਾਣਾ ਚਾਹੀਦਾ ਹੈ।

ਇਸੇ ਤਰ੍ਹਾਂ ਦੁਨੀਆਂ ਦੇ ਬਹੁਤ ਸਿਆਣੇ ਲੋਕ ਜਦੋਂ ਵੀ ਬੋਲਦੇ ਹਨ ਤਾਂ ਉਹ ਮਨੁੱਖ ਦੀ ਆਜਦੀ ਦੇ ਹੱਕ ਵਿੱਚ ਹੀ ਬੋਲਦੇ ਹਨ ਇਸਦੀ ਵਕਾਲਤ ਕਰਦੇ ਹਨ। ਇੱਥੇ ਦੋ ਸ਼ਬਦ ਦੁਨੀਆਂ ਦੇ ਇਤਿਹਾਸ ਵਿੱਚ ਉੱਚਾ ਥਾਂ ਰੱਖਣ ਵਾਲੀ ਰੋਜ਼ਾ ਲਕਸਮਬਰਗ ਦੇ ਸੁਣੋ। ਉਹ ਕਹਿੰਦੀ ਹੈ ਕਿ ''ਆਜਾਦੀ ਸਿਰਫ ਸਰਕਾਰ ਦੇ ਹਮਾਇਤੀਆਂ ਵਾਸਤੇ, ਇਕ ਪਾਰਟੀ ਦੇ ਮੈਂਬਰਾਂ ਲਈ ਭਾਵੇਂ ਉਨ੍ਹਾਂ ਦੀ ਗਿਣਤੀ ਕਿੰਨੀ ਵੱਡੀ ਵੀ ਕਿਉਂ ਨਾ ਹੋਵੇ / ਕੋਈ ਆਜ਼ਾਦੀ ਨਹੀਂ ਹੈ। ਅਜ਼ਾਦੀ ਹਮੇਸ਼ਾ ਉਹ ਹੁੰਦੀ ਹੈ ਜੋ ਉਸਨੂ ਵੀ ਹੋਵੇ ਜੋ ਵੱਖਰੇ ਤਰੀਕੇ ਨਾਲ ਸੋਚਦਾ ਹੈ ਅਤੇ ਕਿੰਨੀ ਆਜ਼ਾਦੀ ਨਾਲ ਸੋਚਦਾ ਹੈ।'' ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਇੰਜ ਸੋਚਦੇ ਹਨ, ਹਰ ਕਿਸੇ ਨੂੰ ਉਨ੍ਹਾਂ ਦੀਆਂ ਪੈੜਾਂ ਮਗਰ ਤੁਰਨ ਦਾ ਜਤਨ ਕਰਨਾ ਚਾਹੀਦਾ ਹੈ। ਸੰਸਾਰ ਪੱਧਰ 'ਤੇ ਮੌਤ ਦੀ ਸਜ਼ਾਂ ਦੇ ਖ਼ਿਲਾਫ ਚੱਲਦੀ ਲਹਿਰ ਵਿੱਚ ਮਨੁੱਖੀ ਅਧਿਕਾਰਾਂ ਦੇ ਹਮਾਇਤੀਆਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਹੱਕ ਵਿੱਚ ਆਵਾਜ਼ ਉੱਚੀ ਹੋਵੇ । ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਸੂਝਵਾਨ ਲੋਕਾਂ ਦੀ ਮੱਦਦ ਲੈ ਕੇ ਇਸ ਸਬੰਧੀ ਕੋਈ ਹੱਲ ਲੱਭਣਾ ਚਾਹੀਦਾ ਹੈ। ਦੁਨੀਆ ਦੇ ਸਾਰੇ ਹੀ ਦੇਸ਼ਾਂ ਦੀਆਂ ਸਰਕਾਰਾਂ ਮੌਤ ਦੀ ਸਜ਼ਾ ਦੇ ਇਸ ਗੈਰ ਕੁਦਰਤੀ ਵਰਤਾਰੇ ਨੂੰ ਖਤਮ ਕਰਨ ਵਾਸਤੇ ਲੋੜੀਂਦੇ ਕਦਮ ਪੁੱਟਣ। ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਬਦੀ ਦਾ ਵਿਰੋਧ ਵਿਚ ਖੜ੍ਹਦਿਆਂ ਅਤੇ ਮਨੁੱਖੀ ਜ਼ਿੰਦਗੀ ਦਾ ਸਤਿਕਾਰ ਕਰਦਿਆਂ ਸਾਨੂੰ ਸਭ ਨੂੰ ਰਲ਼-ਮਿਲ ਕੇ ਅਮਨ-ਚੈਨ ਨਾਲ ਰਹਿਣ ਵਾਲੀ ਕਿਸੇ ਵੀ ਡਰ ਅਤੇ ਕਿਸੇ ਵੀ ਭੈਅ ਤੋਂ ਮੁਕਤ ਹਰ ਪੱਧਰ 'ਤੇ ਬਰਾਬਰੀ ਵਾਲੀ ਦੁਨੀਆਂ ਵਾਸਤੇ ਹਰ ਹੀਲੇ ਜਤਨ ਕਰਨੇ ਚਾਹੀਦੇ ਹਨ।
 

More

Your Name:
Your E-mail:
Subject:
Comments: