کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ-(੧)

ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ-(੧)

September 18th, 2013

 

 

ਮੁੱਢ ਕਦੀਮ ਵਿਚ ਜਦੋਂ ਇਨਸਾਨ ਕਬੀਲ਼ਿਆਂ ਵਿਚ ਰਹਿਣ ਲ਼ੱਗਾ ਤਾਂ ਉਸ ਵੇਲ਼ੇ ਔਰਤਾਂ ਇਸ ਸਮਾਜ ਦੀ ਬੁਨਿਆਦ ਅਤੇ ਹੋਂਦ ਲ਼ਈ ਸਾਰਿਆਂ ਨਾਲ਼ੋਂ ਜ਼ਿਆਦਾ ਅਹਿਮੀਅਤ ਰਖਦੀਆਂ ਸਨ।ਇਸ ਸਮਾਜ ਨੂੰ ਆਪਣੇ ਜੀਣ ਥੀਣ ਲ਼ਈ ਅਤੇ ਕੁਦਰਤ ਨਾਲ਼ ਨਜਿੱਠਣ ਲ਼ਈ ਨਫਰੀ ਜ਼ਿਆਦਾ ਵਧਾਉਣਾ ਬਹੁਤ ਜ਼ਰੁਰੀ ਸੀ। ਕਿuਂਕਿ ਔਰਤਾਂ ਬੱਚੇ ਜੱਣਦੀਆਂ ਹਨ ਇਸ ਲ਼ਈ ਇਸ ਸਮਾਜ ਵਿਚ ਔਰਤਾਂ ਦੀ ਕਦਰ ਬਹੁਤ ਜ਼ਿਆਦਾ ਸੀ। ਇਸ ਸਮਾਜ ਵਿਚ ਔਰਤਾਂ ਦਾ ਬੋਲ਼ ਬਾਲ਼ਾ ਸੀ ਅਤੇ ਰੱਬ ਦਾ ਤਸੱਵਰ ਅਤੇ ਖ਼ਿਆਲ਼ ਵੀ ਇਕ ਔਰਤ ਅਤੇ ਮਾਂ ਦੇ ਰੁਪ ਵਿਚ ਉਲ਼ੀਕਿਆ ਗਿਆ। ਭਗਵਾਨ ਸ਼ਬਦ ਦਾ ਮਤਲ਼ਬ ਹੀ ਇਹ ਹੈ। ਦੇਵੀ ਮਾਂ ਦੀ ਪੁਜਾ ਕੀਤੀ ਜਾਂਦੀ ਸੀ। ਰਿਗਵੇਦ ਵਿਚ ਵੀ ਅਦੀਤੀ ਅਤੇ ਹੋਰਨਾਂ ਦੇਵੀਆਂ ਨੂੰ ਇਸ ਕਾਇਨਾਤ ਨੂੰ ਪੈਦਾ ਕਰਨ ਵਾਲ਼ੀਆਂ ਕਿਹਾ ਗਿਆ ਹੈ।ਹਿੰਦੁਸਤਾਨ ਦੇ ਬਹੁਤ ਵੱਡੇ ਖਿਤਿਆਂ ਵਿਚ ਅਜੇ ਵੀ ਇਹ ਪੁਜਾ ਜਾਰੀ ਹੈ।ਇਹ ਮੱਢ ਕਦੀਮ ਸਮਿਆਂ ਦੀ ਹੀ ਰੀਤ ਹੈ।

ਔਰਤਾਂ ਨੇ ਹੀ ਸਮਾਜ ਦੀਆਂ ਬੁਨਿਆਦਾਂ ਲ਼ੋੜਾਂ ਪੁਰੀਆਂ ਕਰਨ ਲ਼ਈ ਕਈ ਕਾੜਾਂ ਕਡੀਆਂ। ਜੰਗਲ਼ੀ ਜਾਨਵਰਾਂ ਨੂੰ ਪਾਲ਼ਤੁ ਬਨਾਉਣ ਦਾ ਕੰਮ ਔਰਤਾਂ ਨੇ ਹੀ ਸ਼ੁਰੁ ਕੀਤਾ ਅਤੇ ਇਸ ਨਾਲ਼  ਇਸ ਸਮਾਜ ਨੂੰ ਖ਼ੁਰਾਕ ਬਾਰੇ ਇਕ ਹੱਦ ਤੱਕ ਆਪਣੇ ਪੈਰਾਂ ਤੇ ਖੜੇ ਹੋਣ ਵਿਚ ਮਦਦ ਮਿਲ਼ੀ। ਹਿੰਦੁਸਤਾਨ ਦੀ ਤਾਰੀਖ ਵਿਚ ਇਹ ਕਾੜ ਦੁਰਗਾ ਦੀ ਸ਼ੇਰ ਦੀ ਸਵਾਰੀ ਵਿਚ ਯਾਦ ਕਰਕੇ ਦਿਖਾਈ ਜਾਂਦੀ ਹੈ। ਸ਼ੇਰ ਜੰਗਲ਼ ਦਾ ਰਾਜਾ ਹੈ। ਦੁਰਗਾ ਉਸਦੀ ਸਵਾਰੀ ਕਰਦੀ ਦਿਖਾਈ ਜਾਂਦੀ ਹੈ ਜਿਸਦਾ ਮਤਲ਼ਬ ਇਹ ਹੀ ਸੀ ਕਿ ਔਰਤਾਂ ਨੇ ਜਾਨਵਰਾਂ ਦੇ ਪਾਲ਼ਣ ਪੋਸ਼ਣ ਦਾ ਕੰਮ ਕੀਤਾ ਸੀ।

ਇਸੇ ਤਰਾਂ ਖੇਤੀ ਬਾੜੀ ਦੀ ਕਾੜ ਵੀ ਔਰਤਾਂ ਨੇ ਹੀ ਕੱਡੀ  ਸੀ।ਇਸ ਲ਼ਈ ਹਿੰਦੁਸਤਾਨ ਵਿਚ ਇਸ ਕਾੜ ਨੂੰ ਸ਼ਕੁੰਬਰੀ ਦੇਵੀ ਅਤੇ ਅੱਨਪੁਰਣਾ  ਦੇਵੀ ਦੀ ਦੇਣ ਕਿਹਾ ਜਾਂਦਾ ਹੈ।ਅੱਜ ਵੀ ਹਿੰਦੁਸਤਾਨ ਦੇ ਕਈ ਹਿੱਸਿਆਂ ਵਿਚ ਖੇਤੀ ਦੀ ਬੁਆਈ ਸਿਰਫ ਔਰਤਾਂ ਹੀ ਕਰਦੀਆਂ ਹਨ ਜਾਂ ਮਰਦ ਔਰਤਾਂ ਦੇ ਕਪੜੇ ਪਹਿਨ ਕੇ ਕਰਦੇ ਹਨ ਜੋ ਕਿ ਪੁਰਾਣੇ ਸਮੇਂ ਦੀ ਹੀ ਯਾਦ ਅਤੇ ਰੀਤ ਹੈ ਜਦੋਂ ਕਿ ਔਰਤਾਂ ਖੇਤੀ ਬਾੜੀ ਕਰਦੀਆਂ ਸਨ। ਹਿੰਦੁਸਤਾਨ ਦੇ ਕਈ ਹਿੱਸਿਆਂ ਵਿਚ ਅਜੇ ਤੀਕ ਖੇਤੀ ਸਿਰਫ਼ ਔਰਤਾਂ ਹੀ ਕਰਦੀਆਂ ਹਨ।

ਤਾਰੀਖ ਇਹ ਵੀ ਦੱਸਦੀ ਹੈ ਕਿ ਅੱਗ ਦੀ ਇਜਾਦ ਵੀ ਔਰਤਾਂ ਨੇ ਹੀ ਕੀਤੀ ਸੀ ਇਸੇ ਲ਼ਈ ਅਗਨੀ ਦੇਵੀ ਦੀ ਪੁਜਾ ਅਜੇ ਵੀ ਹੁੰਦੀ ਹੈ।ਲ਼ਲ਼ੀਤਾ ਸਹਿਸਨਾਮਾ ਦਸਦਾ ਹੈ ਕਿ ਲ਼ਲ਼ੀਤਾ ਦੇਵੀ ਕਿਵੇਂ ਅੱਗ ਦਾ ਹੀ ਸਰੁਪ ਹੈ ਅਤੇ ਇਸਨੇ ਮਨੁਖਤਾ ਦੇ ਭਲ਼ੇ ਲ਼ਈ ਹੀ ਜਨਮ ਲ਼ਿਆ ਹੈ।ਮਹਾਭਾਰਤ ਦੀ ਦਰੌਪਦੀ ਵੀ ਅੱਗ ਦੇ ਕੁੰਡ ਵਿਚੋਂ ਹੀ ਪੈਦਾ ਹੁਈ ਸੀ ਅਤੇ ਉਹ ਵੀ ਲ਼ਲ਼ੀਤਾ ਦਾ ਹੀ ਸਰੁਪ ਦੱਸੀ ਜਾਂਦੀ ਹੈ।

ਬੋਲ਼ੀ ਅਤੇ ਜ਼ੁਬਾਨ ਦੇ ਵਿਕਾਸ ਵਿਚ ਔਰਤਾਂ ਨੇ ਅਹਿਮ ਹਿੱਸਾ ਪਾਇਆ। ਕਿਹਾ ਜਾਂਦਾ ਹੈ ਕਿ ਸੰਸਕ੍ਰਤ ਅਤੇ ਪ੍ਰਾਕਰਤ ਦੀ ਉਸਾਰੀ ਅੱਠ ਵਾਕ ਦੇਵੀਆਂ ਨੇ  ਹੀ ਕੀਤੀ ਸੀ।ਇਹ ਵੀ ਕਿਹਾ ਜਾਂਦਾ ਹੈ ਕਿ ਬੋਲ਼ੀ ਅਤੇ ਬੋਲ਼ਣ ਦੀ ਸ਼ਕਤੀ ਵਾਕ ਦੇਵੀ ਜਾਂ ਸਰਸਵਤੀ ਦੀ ਹੀ ਦੇਣ ਹੈ।

ਇਸ ਵੇਲ਼ੇ ਔਰਤਾਂ ਸਮਾਜ ਦੀ ਕੇਂਦਰੀ ਸਟੇਜ ਤੇ ਸਨ ਅਤੇ ਉਨ੍ਹਾਂ ਦੀ ਸਰਦਾਰੀ ਹਰ ਪਾਸੇ ਸੀ।ਬੱਚਿਆਂ ਦਾ ਨਾਂਅ ਉਨ੍ਹਾਂ ਦੀ ਮਾਂ ਤੋਂ ਜਾਣਿਆ ਜਾਂਦਾ ਸੀ।ਬਾਪ ਅਤੇ ਬਾਪ ਦੇ ਨਾਂਅ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਸੀ। ਹਰ ਬੱਚਾ ਮਾਂ ਦੇ ਨਾਂਅ ਤੋਂ ਜਾਣਿਆ ਜਾਂਦਾ ਸੀ। ਮਿਸਾਲ਼ ਦੇ ਤੌਰ ਤੇ ਮਹਾਤਾਰਤ ਵਿਚ ਭੀਸ਼ਮ ਨੂੰ ਗੰਗਾਪੁਤਰ ਕਿਹਾ ਜਾਂਦਾ ਹੈ। ਪਾਂਡਵਾਂ ਨੂੰ ਕੁੰਤੀ ਦੇ ਪੁਤਰ ਅਤੇ ਕੌਰਵਾਂ ਨੂੰ ਗੰਧਾਰੀ ਨੰਦਨ ਕਿਹਾ ਜਾਂਦਾ ਰਿਹਾ ਹੈ।ਹਿੰਦੁਸਤਾਨ ਦੇ ਉਤਰ ਪੁਰਵੀ ਇਲ਼ਾਕਿਆਂ ਵਿਚ ਹਾਲ਼ ਤੀਕ ਵੀ ਇਹੋ ਜਿਹੇ ਸਮਾਜ ਕਾਇਮ ਹਨ।

ਇਸ ਸਮਾਜ ਵਿਚ ਸਾਰੇ ਕਬੀਲ਼ੇ ਵਾਲ਼ੇ ਇਕੱਠੇ ਰਹਿੰਦੇ ਸਨ ਅਤੇ ਕਈ ਔਰਤਾਂ ਕਈ ਮਰਦਾਂ ਨਾਲ਼ ਰਹਿੰਦੀਆਂ ਸਨ ਅਤੇ ਬੱਚਿਆਂ ਨੂੰ ਜਨਮ ਦਿੰਦੀਆਂ ਸਨ।ਇਹ ਰੀਤ ਕਈ ਕਬਾਅਲ਼ੀ ਇਲ਼ਾਕਿਆਂ ਵਿਚ ਅਜੇ ਵੀ ਕਾਇਮ ਹੈ। ਇਹ ਬੱਚੇ ਸਾਰੇ ਸਮਾਜ ਦੇ ਸਾਂਝੇ ਮੱਨੇ ਜਾਂਦੇ ਸੀ।ਬਚਿਆਂ ਨੂੰ ਮਾਂ ਦੇ ਨਾਂਅ ਤੋਂ ਹੀ ਜਾਣਿਆ ਜਾਂਦਾ ਸੀ ਅਤੇ ਨਸਲ਼ ਇਸੇ ਤਰਾਂ ਹੀ ਅੱਗੇ ਚਲ਼ਦੀ ਸੀ।ਇਸ ਸਮਾਜ ਵਿਚ ਹਰ ਚੀਜ਼ ਸਾਂਝੀ ਹੁੰਦੀ ਸੀ।ਖ਼ੁਨ ਦੇ ਰਿਸ਼ਤੇ ਮਾਂ ਦੇ ਖੁਨ ਨਾਲ਼ ਹੀ ਮਨੇ ਜਾਂਦੇ ਸੀ। ਬਾਪ ਦਾ ਰਿਸ਼ਤਾ ਖੁਨ ਦਾ ਰਿਸ਼ਤਾ ਨਹੀਂ ਸੀ। ਇਹ ਸਿਲ਼ਸਿਲ਼ਾ ਕਈ ਹਜ਼ਾਰ ਸਾਲ਼ਾਂ ਤੀਕ ਇਸ ਤਰਾਂ ਹੀ ਚਲ਼ਦਾ ਰਿਹਾ। ਔਰਤਾਂ ਦੀ ਸਰਦਾਰੀ ਵਾਲ਼ੇ ਇਸ ਸਮਾਜ ਨੇ ਬਹੁਤ ਹੀ ਤਰੱਕੀ ਕੀਤੀ ਅਤੇ ਕਿਹਾ ਜਾਂਦਾ ਹੈ ਕਿ  ਖੁਸ਼ਹਾਲ਼ੀ ਦੀ  ਇਹ ਪਹਿਲ਼ੀ ਪੈੜੀ ਸੀ।ਕਈ ਵਿਦਵਾਨ ਅਤੇ ਦਾਨਿਸ਼ਵਰ ਤਾਂ ਇਹ ਕਿਆਸ ਵੀ ਲ਼ਾਂਉਦੇ ਹਨ ਕਿ ਸਿੰਧ ਘਾਟੀ ਦੀ ਪੁਰਾਣੀ ਸਭਿਅਤਾ ਵਿਚ ਵੀ ਔਰਤਾਂ ਦੀ ਹੀ ਸਰਦਾਰੀ ਸੀ।ਇਸ ਦੌਰ ਨੂੰ ਇਸਤਰੀ ਰਾਜ ਨਾਲ਼ ਜਾਨਿਆਂ ਜਾਂਦਾ ਸੀ। ਮਹਾਭਾਰਤ ਦੇ ਵਿਚ ਕਈ ਇਸਤਰੀ ਰਾਜ ਕਾਇਮ ਦਿਖਦੇ ਹਨ। ਗੋਰਖ ਪੁਰਾਣ ਵਿਚ ਇਸਤਰੀ ਰਾਜ ਦਾ ਜ਼ਿਕਰ ਮਿਲ਼ਦਾ ਹੈ ਅਤੇ ਵਾਤਸਾਅਨ ਵੀ ਆਪਣੇ ਕਾਮ ਸੁਤ੍ਰ ਵਿਚ ਇਸਤਰੀ ਰਾਜ ਦਾ ਜ਼ਿਕਰ ਕਰਦਾ ਹੈ।

ਹਿੰਦੁਸਤਾਨ ਦੇ ਮਿਥਹਾਸ ਵਿਚ ਦੇਵਤਿਆਂ ਅਤੇ ਅਸੁਰਾਂ ਦੀ ਹਰ ਲ਼ੜਾਈ  ਵਿਚ ਦੇਵੀ ਮਾਂ ਨੇ ਹੀ ਦੇਵਤਾਵਾਂ ਦੀ ਜਾਨ ਬਚਾਈ ਅਤੇ ਜਿੱਤ ਕਰਾਈ ਸੀ।ਔਰਤਾਂ ਨੇ ਵੱਡੀਆਂ ਲ਼ੜਾਈਆਂ ਲ਼ੜੀਆਂ।ਕਾਲ਼ੀ ਮਾਂ ਦੀ ਤਸਵੀਰ ਵਿਚ ਅਸੀਂ ਦੇਖਦੇ ਹਾਂ ਕਿ ਉਦੇ ਹਰ ਹੱਥ ਵਿਚ ਹਥਿਆਰ ਹਨ ਅਤੇ ਗੱਲ਼ ਵਿਚ ਉਸਨੇ ਸਿਰਾਂ ਦੀ ਮਾਲ਼ਾ ਪਹਿਨੀ ਹੋਈ ਹੈ।ਇਨ੍ਹਾਂ ਲ਼ੜਾਈਆਂ ਦੀਆਂ ਵਾਰਾਂ ਅਜੇ ਤੀਕ ਵੀ ਗਾਈਆਂ ਜਾਂਦੀਆਂ ਹਨ।

ਔਰਤਾਂ ਦੀ ਇਸ ਤਾਰੀਖ ਬਾਰੇ ਸਾਨੂੰ ਕੁਝ ਵੀ ਲ਼ਿਖਿਆ ਨਹੀਂ ਮਿਲ਼ਦਾ। ਪਰ ਹਰ ਥਾਂ ਇਸ ਗੌਰਵਮਈ ਇਤਿਹਾਸ ਦੇ ਇਸ਼ਾਰੇ ਮਿਲ਼ਦੇ ਹਨ।ਹੋਰਨਾਂ ਪਸਮਾਂਦਾ ਲ਼ੋਕਾਂ ਵਾਂਗ ਇਹ ਹੀ ਕਿਹਾ ਜਾਂਦਾ ਹੈ ਕਿ ਔਰਤਾਂ ਦੀ ਕੋਈ ਤਾਰੀਖ ਜਾਂ ਵਾਰ ਨਹੀਂ ਹੈ।ਔਰਤਾਂ ਦੀ ਇਸ ਤਾਰੀਖ਼ ਨੂੰ ਕੀ ਹੋਇਆ ਅਤੇ ਇਹ ਕਿਸ ਤਰਾਂ ਖ਼ਤਮ ਹੋਈ? ਇਸਤਰੀ ਰਾਜ ਕਿਸ ਤਰਾਂ ਖ਼ਤਮ ਹੋਏ?ਮਰਦਸ਼ਾਹੀ ਦਾ ਬੋਲ਼ਬਾਲ਼ਾ ਕਿਸ ਤਰਾਂ ਕਾਇਮ ਹੋਇਆ?ਔਰਤਾਂ ਨੂੰ ਹੀਣਾਂ ਕਿਵੇਂ ਬਣਾਇਆ ਗਿਆ? ਉਨ੍ਹਾਂ ਨੂੰ ਤਾਰੀਖ਼ ਦੇ ਮਰਕਜ਼ ਤੋਂ ਪਿੱਛੇ ਕਿਸ ਤਰਾਂ ਸਿੱਟਿਆ ਗਿਆ?

ਇਹ ਸੁਆਲ਼ ਜਵਾਬ ਮੰਗਦੇ ਹਨ ਅਤੇ ਇਕ ਨਵੇਂ ਸਮਾਜ ਦੀ ਉਸਾਰੀ ਲ਼ਈ ਇਨਾਂ ਸੁਆਲ਼ਾਂ ਦਾ ਜਵਾਬ ਬਹੁਤ ਹੀ ਜ਼ਰੁਰੀ ਹੈ।
 

More

Your Name:
Your E-mail:
Subject:
Comments: