کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ: ਬੰਦ 11

ਹੀਰ ਵਾਰਿਸ ਸ਼ਾਹ: ਬੰਦ 11

ਡਾਕਟਰ ਮਨਜ਼ੂਰ ਇਜਾਜ਼

April 5th, 2011

5 / 5 (9 Votes)

 

 

ਤਕਦੀਰ ਸੇਤੀ ਮੌਜੂ ਹੱਕ ਹੋਇਆ, ਭਾਈ ਰਾਂਝੇ ਦੇ ਨਾਲ ਖਹੇੜਦੇ ਨੇਂ
ਖਾਏਂ ਰੱਜ ਕੇ, ਘੂਰਦਾ ਫਿਰੇਂ ਰੰਨਾਂ, ਕੱਢ ਰਕਤਾਂ ਧੀਦੋ ਨੂੰ ਛੇੜਦੇ ਨੇਂ
ਨਿੱਤ ਸੱਜਰਾ ਘਾਅ ਕਲੇਜੜੇ ਦਾ ਗੱਲਾਂ ਤਰਿੱਖੀਆਂ ਨਾਲ ਉਚੇੜਦੇ ਦੇ ਨੇਂ
ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ ਈਹਾ ਝੰਝਟ ਨਿੱਤ ਸਹੇੜਦੇ ਨੇਂ


ਮਤਲਬ
ਸੇਤੀ: ਸਾਥ, ਦੇ ਨਾਲ, ਦੇ ਕਾਰਨ
ਹੱਕ ਹੋਣਾ: ਮਰ ਜਾਣਾ
ਖਹੇੜਨਾ: ਖਹਿਣਾ, ਬਹਾਨੇ ਬਹਾਨੇ ਨਾਲ ਲੜਾਈ ਕਰਨੀ
ਘੂਰਨਾ: ਸ਼ਹਿਵਤ ਭਰੀਆਂ ਅੱਖਾਂ ਨਾਲ ਗ਼ੌਰ ਗ਼ੌਰ ਨਾਲ ਵੇਖਣਾ
ਰਕਤਾਂ: ਬਦਲਾ ਲੈਣ ਲਈ ਸ਼ਰਾਰਤ, ਲੜਨ ਜਾਂ ਸ਼ਰਾਰਤ ਲਈ ਉਚੇਚੇ ਨੁਕਤੇ
ਰੰਨਾਂ: ਔਰਤਾਂ, ਜ਼ਨਾਨੀਆਂ
ਸੱਜਰਾ। ਤਾਜ਼ਾ, ਨਵਾਂ
ਘਾਅ: ਘਾਉ, ਫੱਟ
ਉਚੇੜਨਾ। ਜ਼ਖ਼ਮ ਨੂੰ ਛਿੱਲਣਾ, ਖਰੂੰਡਣਾ
ਝੰਜਟ: ਲੜਾਈ , ਫੱਡਾ
ਸਹੇੜਨਾ: ਵੇਖ ਚਾਖ ਕੇ ਤਅੱਲਕ ਜੋੜਨਾ, ਜਾਂ ਸ਼ਿਕਾਰ ਕਰਨਾ, ਬੜੀ ਚੋਣ ਕਰਕੇ ਲਿਆਉਣਾ।

ਸਿੱਧਾ ਮਤਲਬ:

ਤਕਦੀਰ ਨਾਲ ਇਹ ਹੋਇਆ ਕਿ ਮੌਜੂ ਚੌਧਰੀ ਪੂਰਾ ਹੋ ਗਿਆ 'ਤੇ ਭਰਾਵਾਂ ਨਿੱਕੇ ਭਰਾ ਧੀਦੋ ਨਾਲ ਖਹਿਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਧੀਦੋ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਰੱਜ ਕੇ ਖਾਂਦਾ ਹੈਂ 'ਤੇ ਔਰਤਾਂ ਨੂੰ ਤਾੜਦਾ ਰਹਿੰਦਾ ਹੈਂ। ਇਹੋ ਜਿਹੀਆਂ ਸ਼ਰਾਰਤਾਂ ਲੱਭ ਲੱਭ ਧੀਦੋ ਨੂੰ ਛੇੜਦੇ ਹਨ।
ਉਸਦੇ ਦਿਲ ਤੇ ਲੱਗੇ ਨਵੇਂ ਨਵੇਂ ਫੱਟ ਨੂੰ ਤੇਜ਼ ਤੇਜ਼ ਜਾਂ ਤਰਿੱਖੀਆਂ ਗੱਲਾਂ ਨਾਲ ਛਿੱਲਦੇ ਹਨ।
ਭਾਈ 'ਤੇ ਭਰਜਾਈਆਂ ਦੁਸ਼ਮਣੀ ਦੀਆਂ ਗੱਲਾਂ ਕਰਦੇ ਰਹਿੰਦੇ ਹਨ 'ਤੇ ਜਾਣ-ਬੁੱਝ ਕੇ ਇਹ ਝਗੜਾ ਕਰਦੇ ਹਨ।

ਖਲਾਰਵਾਂ ਮਤਲਬ:

ਵਾਰਿਸ ਸ਼ਾਹ ਹੋਰਾਂ ਪਿਛਲਾ ਬੰਦ ਮੁਕਾਉਂਦਿਆਂ ਕਿਹਾ ਸੀ "ਵਾਰਿਸ ਸ਼ਾਹ ਇਹ ਗ਼ਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨਾ ਸੀਨ ਨਾ ਅੰਗ ਦੇ ਨੇਂ" ਹੱਥਲੇ ਬੰਦ ਵਿਚ ਉਹ ਇਸ ਗ਼ਰਜ਼ 'ਤੇ ਲੋਭ ਦੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰਦਾ ਹੈ। ਉਹ ਖ਼ਾਨਦਾਨ ਦੇ ਅਦਾਰੇ ਦੇ ਕੱਚ 'ਤੇ ਮੁਨਾਫ਼ਕਤ ਤੋਂ ਪਰਦਾ ਚੁੱਕਣਾ ਸ਼ੁਰੂ ਕਰਦਾ ਹੈ। ਇਸੇ ਲਈ ਉਹ ਸਿੱਧਾ ਉਸ ਝਗੜੇ ਵੱਲ ਵਧਦਾ ਹੈ ਜਿਹੜਾ ਖ਼ਾਨਦਾਨ ਦੇ ਅੰਦਰ ਸਿਓਂਕ ਵਾਂਗ ਲੱਗਾ ਹੋਇਆ ਹੈ। ਉਹ ਹੋਰ ਨਿੱਕੀਆਂ ਵੱਡੀਆਂ ਕਹਾਣੀਆਂ ਵਿਚ ਨਹੀਂ ਪੈਂਦਾ।

ਇਸੇ ਲਈ ਵਾਰਿਸ ਸ਼ਾਹ ਹੋਰਾਂ ਇੱਥੇ ਵੀ ਦਮੋਦਰ ਦਾਸ ਦੀ ਮਸ਼ਹੂਰ ਹੀਰ ਦਾ ਪਲਾਟ ਬਦਲ ਦਿੱਤਾ ਹੈ। ਦਮੋਦਰ ਦਾਸ ਵਿਚ ਧੀਦੋ ਰਾਂਝੇ ਦੇ ਪਿਓ ਨੂੰ ਆਪਣੇ ਪੁੱਤਰਾਂ ਦੀ ਨੀਅਤ ਦਾ ਪਤਾ ਹੈ 'ਤੇ ਉਸਦੀ ਮੰਗਣੀ ਕਿਸੇ ਹੋਰ ਵੱਡੇ ਰਾਠ ਦੀ ਧੀ ਨਾਲ ਕਰ ਦਿੰਦਾ ਹੈ ਕਿ ਉਸਦੇ ਮਰਣ ਤੋਂ ਮਗਰੋਂ ਕੋਈ ਤੇ ਧੀਦੋ ਦੀ ਰੱਖਿਆ ਕਰਨ ਵਾਲਾ ਹੋਵੇ। ਦਮੋਦਰ ਦਾਸ ਇਸ ਮੰਗਣੀ ਦੇ ਹੋਣ ਦੀਆਂ ਰਸਮਾਂ 'ਤੇ ਬੜਾ ਖੋਲ੍ਹ ਕੇ ਲਿਖਦਾ ਹੈ 'ਤੇ ਇਕ ਪੱਖ ਤੋਂ ਉਨ੍ਹਾਂ ਵੇਲਿਆਂ ਦੇ ਰੀਤੀ-ਰਿਵਾਜ ਨੂੰ ਸਮਝਣ ਲਈ ਬੜੇ ਕੰਮ ਦੀਆਂ ਗੱਲਾਂ ਦੱਸਦਾ ਹੈ ।

ਵਾਰਿਸ ਸ਼ਾਹ ਇਸ ਲੰਮੀ ਚੌੜੀ ਕਥਾ ਵਿਚ ਨਹੀਂ ਜਾਂਦਾ 'ਤੇ ਸਿੱਧਾ ਕਹਾਣੀ ਦੇ ਅਗਲੇ ਪੌਡੇ 'ਤੇ ਪੈਰ ਰੱਖ ਦਿੰਦਾ ਹੈ। ਉਸਨੇ ਇਹ ਢੰਗ ਸਾਰੀ ਲਿਖਤ ਵਿਚ ਵਰਤਿਆ ਹੈ। ਪਲਾਟ ਦਾ ਜਿਹੜਾ ਅੰਗ ਉਹਦੇ ਕਿੱਸੇ ਨੂੰ ਅੱਗੇ ਨਹੀਂ ਟੁਰਦਾ ਜਾਂ ਉਹਦੀ ਵਿਚਾਰਧਾਰਾ ਤਕ ਪਹੁੰਚਣ ਤੱਕ ਦਾ ਰਾਹ ਖੋਟਾ ਕਰਦਾ ਹੈ, ਉਸਨੂੰ ਉਹ ਕੱਟ ਵੱਢ ਕੇ ਅੱਗੇ ਲੰਘ ਜਾਂਦਾ ਹੈ।

ਇਸ ਬੰਦ ਵਿਚ ਵਾਰਿਸ ਸ਼ਾਹ ਹੋਰੀਂ ਛੜੇ ਅੱਧੇ ਮਿਸਰੇ ਵਿਚ ਧੀਦੋ ਦੇ ਪਿਓ ਦੇ ਮਰਨ ਦਾ ਜ਼ਿਕਰ ਕਰਕੇ ਝਬਦੇ ਭਰਾਵਾਂ ਦੀ ਦੁਸ਼ਮਣੀ 'ਤੇ ਪੁੱਜ ਜਾਂਦੇ ਹਨ ਜਿਹੜੇ ਧੀਦੋ ਦੇ ਜੀਵਨ ਢੰਗ ਨੂੰ ਪੁੱਠਾ ਮਤਲਬ ਦਿੰਦੇ ਹਨ 'ਤੇ ਕਹਿੰਦੇ ਹਨ ਕਿ ਬਸ ਉਸਦਾ 'ਤੇ ਕੰਮ ਹੀ ਰੱਜ ਕੇ ਖਾਣਾ 'ਤੇ ਪਿੰਡ ਵਿਚ ਜ਼ਨਾਨੀਆਂ ਨੂੰ ਤਾੜਨਾ ਹੈ। ਨਾਲ ਹੀ ਵਾਰਿਸ ਸ਼ਾਹ "ਕੱਢ ਰਕਤਾਂ" ਦੇ ਲਫ਼ਜ਼ਾਂ ਵਿਚ ਇਹ ਵੀ ਦੱਸ ਦਿੰਦਾ ਹੈ ਕਿ ਇਸ ਇਲਜ਼ਾਮ ਵਿਚ ਸੱਚ ਕੋਈ ਨਹੀਂ ਇਹ ਸ਼ਰਾਰਤ ਉਨ੍ਹਾਂ "ਕੱਢ" ਕੇ ਲਿਆਂਦੀ ਹੈ।

ਤੀਜੇ ਮਿਸਰੇ ਵਿਚ ਤਰਿੱਖੀਆਂ ਗੱਲਾਂ ਨੂੰ ਛੁਰੀ ਦੀ ਥਾਵੇਂ ਵਰਤਿਆ ਗਿਆ ਹੈ। ਕਿਉਂਕਿ ਜਿਸਮ ਦੇ ਘਾਉ ਜਾਂ ਜ਼ਖ਼ਮ ਵਿਚ ਵਧ ਤੋਂ ਵੱਧ ਪੀੜ ਹੋਵੇਗੀ ਜੇ ਉਸਨੂੰ ਤਰਿੱਖੀ ਛੁਰੀ ਨਾਲ ਛੇੜਿਆ ਜਾਵੇ। ਅਤੇ ਵਾਰਿਸ ਸ਼ਾਹ ਭਰਾਵਾਂ ਦੀਆਂ ਗੱਲਾਂ ਨੂੰ ਹੀ ਤਰਿੱਖੀ ਛੁਰੀ ਬਣਾ ਦਿੰਦਾ ਹੈ ਜਿਸ ਨਾਲ ਉਹ ਧੀਦੋ ਰਾਂਝੇ ਦੇ ਅਲ੍ਹੇ (ਤਾਜ਼ਾ) ਘਾਅ ਛਿੱਲਦੇ ਹਨ।

ਚੌਥੇ ਮਿਸਰੇ ਵਿਚ ਦੱਸਦਾ ਹੈ ਕਿ ਭਾਈ ਭਾਬੀਆਂ ਦੁਸ਼ਮਣੀ ਦੀਆਂ ਗੱਲਾਂ ਬੜੇ ਜਤਨਾਂ ਨਾਲ ਕਰਦੇ ਹਨ। ਉਨ੍ਹਾਂ ਦਾ ਇਹ ਸਾਰੀਆਂ ਗੱਲਾਂ ਕਰਨ ਵਿਚ ਮਕਸਦ ਧੀਦੋ ਨੂੰ ਜ਼ਮੀਨ ਤੋਂ ਵਾਂਝਿਆਂ ਕਰਨਾ 'ਤੇ ਉਸ ਕੋਲੋਂ ਪੁਰਾਣੇ ਸਾੜ 'ਤੇ ਹਸਦ ਦਾ ਬਦਲਾ ਲੈਣਾ ਹੈ। ਉਹ ਧੀਦੋ ਨੂੰ ਬੋਲੀਆਂ ਵੀ ਇਕ ਮਿਥੇ ਮਥਾਏ ਪਲਾਟ ਮੂਜਬ ਮਾਰਦੇ ਹਨ ਜਿਸਦਾ ਅਗਲੇ ਬੰਦ ਵਿਚ ਰਾਜ਼ ਖੁੱਲ੍ਹ ਜਾਏਗਾ।

ਇਸ ਬੰਦ ਵਿਚ ਇਹ ਗੱਲ ਵੀ ਵੇਖਣ ਯੋਗ ਹੈ ਕਿ ਧੀਦੋ ਦੇ ਭਰਾਵਾਂ ਦਾ ਵੀ ਪਿਓ ਮਰਿਆ ਹੈ ਪਰ ਉਨ੍ਹਾਂ ਨੂੰ ਉਸਦਾ ਕੋਈ ਗ਼ਮ ਕੋਈ ਦੁੱਖ ਨਹੀਂ । ਉਹ ਖ਼ੁਸ਼ ਹਨ ਕਿ ਹੁਣ ਉਹ ਧੀਦੋ ਨਾਲ ਚੰਗੀ ਤਰ੍ਹਾਂ ਨਿੱਬੜ ਸਕਦੇ ਹਨ।

 

More

Your Name:
Your E-mail:
Subject:
Comments: