کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ: ਬੰਦ 10

ਹੀਰ ਵਾਰਿਸ ਸ਼ਾਹ: ਬੰਦ 10

ਡਾਕਟਰ ਮਨਜ਼ੂਰ ਇਜਾਜ਼

April 3rd, 2011

4.5 / 5 (6 Votes)

 

 

ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀਂ ਪਏ ਸੰਗਦੇ ਨੇਂ
ਗੁੱਝੇ ਮਿਹਣੇ ਮਾਰ ਕੇ ਸੱਪ ਵਾਂਗੂੰ ਉਸਦੇ ਕਾਲਜੇ ਨੂੰ ਪਏ ਡੰਗਦੇ ਨੇਂ
ਕੋਈ ਵੱਸ ਨਾ ਚਲਨੇਂ ਕੱਢ ਛੱਡਣ ਦਿੰਦੇ ਮਿਹਣੇ ਰੰਗ ਬਰੰਗ ਦੇ ਨੇਂ
ਵਾਰਿਸ ਸ਼ਾਹ ਇਹ ਗ਼ਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨਾ ਸੀਨ ਨਾ ਅੰਗ ਦੇ ਨੇਂ


ਔਖੇ ਲਫ਼ਜ਼ਾਂ ਦੇ ਮਾਅਨੇ

ਵੈਰ। ਦੁਸ਼ਮਣੀ
ਸੰਗਦੇ। ਸ਼ਰਮਾਉਂਦੇ
ਗੁੱਝੇ। ਵਿਚੋ-ਵਿਚ, ਅੰਦਰੋ-ਅੰਦਰੀ, ਲੁਕਾ ਕੇ
ਮਿਹਣੇ। ਤਾਅਨੇ
ਕਾਲਜੇ। ਕਲੇਜੇ
ਵਸ ਨਾ ਚਲਨੇਂ। ਵਸ ਨਹੀਂ ਚਲਦਾ, ਵਾਹ ਨਹੀਂ ਜਾਂਦੀ
ਗ਼ਰਜ਼। ਆਪਣਾ ਫ਼ਾਇਦਾ
ਸਾਕ। ਰਿਸ਼ਤੇਦਾਰ
ਸੀਨ। ਕੁੜੀ ਜਾਂ ਮੁੰਡੇ ਦੇ ਵਿਆਹ ਪਾਰੋਂ ਬਣਨ ਵਾਲੇ ਰਿਸ਼ਤੇਦਾਰ, ਸਮਧੀ
ਅੰਗ। ਪਿਆਰ , ਮੁਹੱਬਤ

ਸਿੱਧਾ ਮਤਲਬ
ਬਾਪ ਪਿਆਰ ਕਰਦਾ ਹੈ ਅਤੇ ਭਰਾ ਦੁਸ਼ਮਣੀ। ਪਰ ਬਾਪ ਦੇ ਡਰ ਤੋਂ ਸ਼ਰਮ ਖਾਂਦੇ ਕੁੱਝ ਕਹਿੰਦੇ ਨਹੀਂ ਹਨ।
ਇਸ ਲਈ ਉਹ ਵਿਚੋ-ਵਿਚ, ਲੁਕਾ ਛੁਪਾ ਕੇ ਉਸ ਨੂੰ ਤਾਅਨੇ ਮਾਰ ਕੇ ਐਵੇਂ ਸਾੜਦੇ ਹਨ ਜਿਵੇਂ ਸੱਪ ਡੰਗ ਮਾਰਦਾ ਹੈ। ਮਤਲਬ ਉਹ ਰਾਂਝੇ ਵਾਸਤੇ ਸੱਪ ਜਿਹਾ ਜ਼ਹਿਰ ਰਖਾਉਂਦੇ ਹਨ ਅਤੇ ਤਾਹਨਿਆਂ ਰਾਹੀਂ ਆਪਣਾ ਜ਼ਹਿਰ ਉਹਦੇ ਦਿਲ ਤਾਈਂ ਉਪੜਾਉਂਦੇ ਹਨ।

(ਪਿਓ ਦਿਆਂ ਹੁੰਦੀਆਂ) ਉਨ੍ਹਾਂ ਦਾ ਕੋਈ ਵੱਸ ਨਹੀਂ ਚਲਦਾ ਨਹੀਂ ਤਾਂ ਉਸਨੂੰ ਘਰੋਂ ਹੀ ਕੱਢ ਦੇਣ। ਉਹ ਇਹ ਕੰਮ ਨਹੀਂ ਕਰ ਸਕਦੇ ਤਾਂ ਰੰਗ-ਬਰੰਗ ਦੇ ਤਾਅਨੇ ਮਾਰਦੇ ਰਹਿੰਦੇ ਹਨ।
ਵਾਰਿਸ ਸ਼ਾਹ ਆਪਣਾ ਮਕੂਲਾ ਦਿੰਦਿਆਂ ਕਹਿੰਦਾ ਹੈ, ਦੁਨੀਆ ਵਿੱਚ ਗ਼ਰਜ਼ ਅਤੇ ਆਪਣੇ ਫ਼ਾਇਦੇ ਨਾਲ ਹੀ ਸਭ ਪਿਆਰ ਕਰਦੇ ਹਨ, ਇਸ ਤੋਂ ਬਿਨਾ ਬੰਦੇ ਦਾ ਨਾ ਕੋਈ ਰਿਸ਼ਤੇਦਾਰ ਹੈ ਅਤੇ ਨਾ ਹੀ ਯਾਰ ਸੰਗੀ।

ਖਲਾਰਵਾਂ ਮਤਲਬ

ਇਸ ਬੰਦ ਨੂੰ ਪੜ੍ਹਦਿਆਂ ਜ਼ਰਾ ਬੰਦ ਨੰਬਰ ਅਠ ਵੱਲ ਝਾਤ ਮਾਰੋ ਜਿੱਥੇ ਵਾਰਿਸ ਸ਼ਾਹ ਹੋਰਾਂ ਤਖ਼ਤ ਹਜ਼ਾਰੇ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ "ਜਿੱਥੇ ਰਾਂਝਿਆਂ ਰੰਗ ਮਚਾਇਆ" ਅਤੇ "ਸੁੰਦਰ ਇਕ ਥੀਂ ਇਕ ਸਵਾਇਆ" ਅਤੇ "ਕੇਹੀ ਸਿਫ਼ਤ ਹਜ਼ਾਰੇ ਦੀ ਆਖ ਸਕਾਂ ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ" ਅਤੇ ਹੁਣ ਉਸੇ ਤਖ਼ਤ ਹਜ਼ਾਰੇ ਦੇ ਅੰਦਰ ਫਰੋਲਦਿਆਂ ਕਹਿ ਰਹੇ ਹਨ ਕਿ ਅੰਦਰ ਭਰਾ ਭਰਾ ਨੂੰ ਝੱਲਣ ਲਈ ਤਿਆਰ ਨਹੀਂ, ਸਾੜਾ ਅਤੇ ਆਪਾ-ਧਾਪੀ ਦਾ ਰਾਜ ਹੈ ਅਤੇ ਉਥੋਂ ਦਾ ਮੁੱਢਲਾ ਵਿਚਾਰ ਇਹ ਹੈ ਕਿ ਸਭ ਨੂੰ ਬੱਸ ਗ਼ਰਜ਼ ਪਿਆਰੀ ਹੈ? ਕੀ ਬਹਿਸ਼ਤ ਵਰਗੇ ਤਖ਼ਤ ਹਜ਼ਾਰੇ ਦੀ ਅਸਲ ਇਹ ਹੈ ਕਿ ਉਥੇ ਹਰ ਬੰਦਾ ਲੋਭੀ ਹੈ?

ਨਜਮ ਹੁਸੈਨ ਸਈਅਦ ਹੋਰਾਂ ਵਾਰਿਸ ਸ਼ਾਹ ਦੇ ਇਸ ਖ਼ਾਸ ਢੰਗ 'ਤੇ ਗੱਲ ਕਰਦਿਆ ਕਿਹਾ ਹੈ ਕਿ ਵਾਰਿਸ ਸ਼ਾਹ ਪਹਿਲੋਂ ਪੜ੍ਹਿਆਰ ਨੂੰ ਦੂਰੋਂ ਵਿਖਾਉਂਦਾ ਹੈ 'ਤੇ ਉਸਦੀ ਤਾਰੀਫ਼ ਦੇ ਪੁਲ ਬੰਨ੍ਹ ਦਿੰਦਾ ਹੈ। ਫਿਰ ਪੜ੍ਹਿਆਰ ਨੂੰ ਉਸਦੇ ਅੰਦਰ ਲੈ ਜਾਂਦਾ ਹੈ 'ਤੇ ਚਾਰ ਪਾਸੇ ਗੰਦ ਹੀ ਗੰਦ ਵਿਖਾਉਂਦਾ ਹੈ। ਇਹ ਵਰਤਾਰਾ ਉਹ ਹਰ ਅਦਾਰੇ ਨਾਲ ਕਰੇਗਾ, ਭਾਵੇਂ ਉਹ ਮਸੀਤ ਹੋਵੇ 'ਤੇ ਭਾਵੇਂ ਉਹ ਹੀਰ ਦੇ ਸੌਹਰਿਆਂ ਦਾ ਪਿੰਡ।

ਬਾਅਜ਼ੇ ਇਸਨੂੰ ਵਾਰਿਸ ਸ਼ਾਹ ਦੀ ਟਿਚਕਰਬਾਜ਼ੀ ਵੀ ਕਹਿੰਦੇ ਹਨ ਕਿ ਉਹ ਕਿਵੇਂ ਉਨ੍ਹਾਂ ਸ਼ੈਵਾਂ ਦੀਆਂ ਸਿਫ਼ਤਾਂ ਕਰਦਾ ਹੈ ਜਿਨ੍ਹਾਂ ਨੂੰ ਦਿਲੋਂ ਭੈੜਾ ਮੰਨਦਾ ਹੈ। ਪਰ ਸ਼ਾਇਦ ਨਜਮ ਹੁਸੈਨ ਸਈਅਦ ਹੋਰਾਂ ਵਾਲੀ ਦਲੀਲ ਨੂੰ ਹੀ ਥੋੜ੍ਹਾ ਅੱਗੇ ਤੋਰੀਏ ਤਾਂ ਗੱਲ ਹੋਰ ਖੁੱਲ੍ਹਦੀ ਹੈ। ਮੇਰੇ ਖ਼ਿਆਲ ਵਿਚ ਉਹ ਦੂਰੋਂ ਕਿਸੇ ਅਦਾਰੇ ਦਾ ਸਭ ਤੋਂ ਵਧੀਆ 'ਤੇ ਪੂਰਤਾ ਦਾ ਨਕਸ਼ਾ ਦਿੰਦਾ ਹੈ, ਤਾਂ ਜੇ ਪੜ੍ਹਿਆਰ ਦੇ ਦਿਮਾਗ਼ ਵਿੱਚ ਪੱਕਾ ਰਹੇ ਕਿ ਉਹ ਅਦਾਰੇ ਦੀ ਸਭ ਤੋਂ ਉੱਪਰਲੀ ਪੱਧਰ ਦੀ ਗੱਲ ਕਰ ਰਿਹਾ ਹੈ।

ਇੱਥੇ ਵਾਰਿਸ ਸ਼ਾਹ ਕਿੱਸੇ ਦਾ ਮੁੱਢ ਖ਼ਾਨਦਾਨ ਦੇ ਅਦਾਰੇ ਤੋਂ ਬੰਨ੍ਹ ਰਿਹਾ ਹੈ। ਇਸ ਲਈ ਉਹ ਪਹਿਲਾਂ ਇਹ ਦੱਸਦਾ ਹੈ ਕਿ ਮੈਂ ਜਿਸ ਖ਼ਾਨਦਾਨ 'ਤੇ ਟੋਕ ਮਾਰਨ ਜਾ ਰਿਹਾ ਹਾਂ ਉਹਦੀ ਮਿਸਾਲ ਵਿਚ ਮੈਂ ਕੋਈ ਉੱਜੜੇ, ਭੁੱਖ ਮਰਦੇ ਪਿੰਡ ਦਾ ਟੁੱਟਾ-ਭੱਜਾ ਟੱਬਰ ਨਹੀਂ ਵਿਖਾਵਾਂਗਾ। ਸਗੋਂ ਮੈਂ ਰੱਜੇ-ਪੁੱਜੇ ਪਿੰਡ ਤਖ਼ਤ ਹਜ਼ਾਰੇ ਦੇ ਮੌਜੂ ਚੌਧਰੀ ਦੇ ਖ਼ਾਨਦਾਨ ਦੀ ਮਿਸਾਲ ਦੱਸਾਂਗਾ। ਇਕ ਤੇ ਸੋਹਣਾ ਪਿੰਡ, ਸੌਖੇ 'ਤੇ ਸੋਹਣੇ ਲੋਕ, ਫਿਰ ਉਨ੍ਹਾਂ ਵਿੱਚੋਂ ਵੀ ਸਭ ਤੋਂ ਸੌਖਾ ਅਤੇ ਜ਼ੋਰਾਵਰ ਚੌਧਰੀ ਮੌਜੂ। ਉਸ ਰੱਜੇ-ਪੁੱਜੇ, 8 ਭਰਵਾਂ ਤੇ 3 ਭੈਣਾਂ ਦੇ ਖ਼ਾਨਦਾਨ ਨੂੰ ਕਿਸ ਸ਼ੈਅ ਦੀ ਥੋੜ ਹੈ? ਉਨ੍ਹਾਂ ਕੋਲ ਸਭ ਕੁੱਝ ਹੈ ਜੋ ਕੋਈ ਉਸ ਸਮਾਜ ਵਿਚ ਚਾਹ ਸਕਦਾ ਹੈ, ਗੋਇਆ ਉਨ੍ਹਾਂ ਲਈ ਬਹਿਸ਼ਤ ਜ਼ਮੀਨ 'ਤੇ ਆ ਗਿਆ ਹੈ।

ਪਰ ਫਿਰ ਵੀ ਇਹ ਖ਼ਾਨਦਾਨ ਅੰਦਰੋਂ ਸੜਿਆ 'ਤੇ ਸਿਓਂਕ ਖਾਧਾ ਹੋਇਆ ਹੈ, ਪਿਓ ਦਾ ਪਿਆਰ ਇਕ ਵੱਡੀ ਵਸਤ (ਵਿਕਾਊ ਸ਼ੈਅ) ਹੈ ਕਿਉਂ ਉਸਦਾ ਨਾਂ 'ਤੇ ਜ਼ੋਰ ਚਲਦਾ ਹੈ, ਅਤੇ ਜੇ ਉਹ ਧੀਦੋ ਨਾਲ ਬਹੁਤਾ ਪਿਆਰ ਕਰਦਾ ਹੈ ਤਾਂ ਫਿਰ ਉਸ ਵਸਤ 'ਤੇ ਨਿਖੇੜਾ ਪੈਣਾ ਹੀ ਪੈਣਾ ਹੈ, ਸੋ ਭਰਾਵਾਂ ਲਈ ਧੀਦੋ ਡਾਕੂ ਹੈ ਜਿਹੜਾ ਉਨ੍ਹਾਂ ਦੀ ਸਾਂਝੀ ਵਸਤ 'ਤੇ ਐਵੇਂ ਮਲ ਮਾਰੀ ਬੈਠਾ ਹੈ। ਉਨ੍ਹਾਂ ਨੂੰ ਸ਼ਾਇਦ ਇਹ ਡਰ ਵੀ ਹੋਏ ਕਿ ਮਰਨ ਤੋਂ ਮਗਰੋਂ ਬਾਕੀ ਪਰਿਵਾਰ ਧੀਦੋ ਨੂੰ ਹੀ ਮੌਜੂ ਦੀ ਥਾਂ ਚੌਧਰੀ ਨਾ ਬਣਾ ਦੇਵੇ। ਸੋ ਜੰਨਤ ਦੇ ਅੰਦਰ ਪਿਓ ਦਾ ਪਿਆਰ ਵੀ ਵਿਕਾਊ ਵਸਤ ਹੈ ਜਿਸ 'ਤੇ ਲੜਾਈ ਹੈ।

ਪਰ ਪਿਓ ਤੋਂ ਡਰਦਿਆਂ ਭਰਾ ਧੀਦੋ ਨੂੰ ਖੁੱਲ੍ਹਮ-ਖੁੱਲ੍ਹਾ ਕਹਿਣ ਤੋਂ ਡਰਦੇ ਹਨ ਪਰ ਅੰਦਰੋ-ਅੰਦਰੀ ਗੁੱਝੇ ਤਾਅਨੇ ਮਿਹਣੇ ਮਾਰ ਕੇ ਉਸਦੇ ਦਿਲ ਨੂੰ ਜ਼ਹਿਰੀ ਨਾਗ ਵਾਂਗੂੰ ਡੰਗਦੇ ਰਹਿੰਦੇ ਹਨ। ਇੱਥੇ ਇਸਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਜੇ ਮੌਜੂ ਚੌਧਰੀ ਖ਼ਾਨਦਾਨ ਦੇ ਅਦਾਰੇ ਦਾ ਨੁਮਾਇੰਦਾ ਹੈ ਤਾਂ ਉਸਦੇ ਪੁੱਤਰ ਉਸ ਅਦਾਰੇ ਦੇ ਜੰਮੇ, ਅੰਦਰ ਰਹਿਣ ਵਾਲੇ ਬੰਦੇ ਹਨ। ਅਦਾਰੇ ਨੇ ਸੋਹਣੀਆਂ ਸ਼ੈਵਾਂ ਵੀ ਜੰਮਿਆਂ ਹਨ 'ਤੇ ਗੰਦ-ਬਲਾ ਵੀ ਜਿਸਨੂੰ ਅਸੀਂ ਅਗਲੇ ਮਿਸਰੇ ਵਿਚ ਗ਼ਰਜ਼ ਜਾਂ ਮੁਫ਼ਾਦਪ੍ਰਸਤੀ ਦੇ ਲਫ਼ਜ਼ਾਂ ਵਿਚ ਸੁਣਿਆ ਹੋਇਆ ਹੈ।

ਧੀਦੋ ਵੰਝਲ਼ੀ ਵਜਾਉਂਦਾ ਹੈ (ਜਿਵੇਂ ਅੱਗੇ ਜਾ ਕੇ ਪਤਾ ਲਗਦਾ ਹੈ) 'ਤੇ ਇਕ ਫ਼ਨਕਾਰ ਦੀ ਜ਼ਿੰਦਗੀ ਜਿਊਂਦਾ ਹੈ। ਉਹ ਮੌਜੂ ਚੌਧਰੀ ਦੇ ਅਦਾਰੇ ਦਾ ਮਿੱਠਾ ਫਲ ਹੈ, ਦੂਜੇ ਪੁੱਤਰ ਤਮਾਅ ਦੇ ਮਾਰੇ ਹੋਏ ਲੋਭੀ ਹਨ। ਇਸ ਲਈ ਵਾਰਿਸ ਸ਼ਾਹ ਦਾ ਮਿਸਰਾ ਇੰਜ ਬੋਲਦਾ ਹੈ ਕਿ ਖ਼ਾਨਦਾਨ ਦੇ ਅਦਾਰੇ ਦੇ ਨੁਮਾਇੰਦੇ ਦੀਆਂ ਜੰਮਿਆਂ ਸਭ ਤੋਂ ਪਿਆਰਿਆਂ ਸ਼ੈਵਾਂ ਨੂੰ ਉਸਦੇ ਹੀ ਜੰਮੇ ਲੋਭੀ ਪੁੱਤਰ ਮੁਕਾ ਦੇਣਾ ਚਾਹੁੰਦੇ ਹਨ। ਉਹ ਸਮਾਜੀ ਮੁਨਾਫ਼ਕਤ ਦੀ ਮਿਸਾਲ ਹਨ ਜਿਹੜੇ ਸ਼ਰਮਾਉਂਦੇ ਕੁੱਝ ਕਹਿੰਦੇ ਨਹੀਂ। ਸਮਾਜ ਅੰਦਰ ਹੋਰ ਲੋਭੀਆਂ ਤਰ੍ਹਾਂ ਉਨ੍ਹਾਂ ਦਾ ਵੀ ਵੱਸ ਨਹੀਂ ਚਲਦਾ ਕਿ ਉਹ ਇਸ ਸਾਰੇ ਵਰਤਾਰੇ ਤੇ ਪ੍ਰਬੰਧ ਦੀਆਂ ਮਿੱਠੀਆਂ ਸ਼ੈਵਾਂ ਨੂੰ ਦੇਸ-ਨਿਕਾਲਾ ਦੇ ਦੇਣ 'ਤੇ ਗੰਦ ਸਮੇਟ ਲੈਣ।

ਇਸ ਲਈ ਵਾਰਿਸ ਸ਼ਾਹ ਅਖ਼ੀਰਲੇ ਮਿਸਰੇ ਵਿਚ ਖ਼ਾਨਦਾਨ 'ਤੇ ਤਬਕਾਤੀ ਸਮਾਜ ਦਾ ਸਿੱਟਾ ਕੱਢਦਿਆਂ ਕਹਿੰਦਾ ਹੈ ਕਿ ਇਸ ਸਾਰੇ ਸਮਾਜ ਦੀ ਨੀਂਹ ਗ਼ਰਜ਼ 'ਤੇ ਬਣੀ ਹੋਈ ਹੈ, ਹੋਰ ਇੱਥੇ ਕਿਸੇ ਦਾ ਨਾ ਕੋਈ ਸਾਕ 'ਤੇ ਨਾ ਯਾਰ ਬੇਲੀ।

 

More

Visitors Comments

Name:Gurpal singh
Date:19th June

Comment: ਵਾਰਿਸ ਸ਼ਾਹ ਅਸਲ ਵਿੱਚ ਪੰਜਾਬੀ ਕਾਵਿ ਦਾ ਵਾਰਿਸ ਹੈ......


Your Name:
Your E-mail:
Subject:
Comments: