کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ: ਬੰਦ 92

ਹੀਰ ਵਾਰਿਸ ਸ਼ਾਹ: ਬੰਦ 92

ਡਾ. ਮਨਜ਼ੂਰ ਇਜਾਜ਼

June 23rd, 2009

4.5 / 5 (6 Votes)

 

 

ਕੈਦੋ ਆਖਦਾ ਧੀਓ ਵਿਆਹ ਮਲਕੀ ਧ੍ਰੋਹੀ ਰੱਬ ਦੀ ਮਨ ਲੈ ਡੈਣੇ ਨੀ
ਇਕੇ ਮਾਰ ਕੇ ਵੱਢ ਕੇ ਕਰਸ ਬੇਰੇ ਮੂੰਹ ਸਿਰ ਭੰਨ ਚੋਆ ਸਾੜ ਸਾਇਣੇ ਨੀ
ਵੇਖ ਧੀਓ ਦੇ ਲਾਡ ਕੀਹ ਦੰਦ ਕੱਢੇਂ ਬਹੁਤ ਝੂਰਸੇਂ ਰੰਨੇ ਕਸਾਇਣੇ ਨੀ
ਇਕੇ ਬੰਨ੍ਹ ਕੇ ਭੋਰੇ ਚਾ ਘੱਤੋ ਲਿੰਬ ਵਾਂਗ ਭੜੋਲੇ ਦੇ ਆਇਣੇ ਨੀ

ਔਖੇ ਲਫ਼ਜ਼ਾਂ ਦੇ ਮਾਅਨੇ

ਧ੍ਰੋਹੀ: ਵਾਸਤਾ, ਜ਼ੁਲਮ ਦੀ ਫ਼ਰਿਆਦ;
ਬੇਰੇ: ਨਿੱਕੇ ਨਿੱਕੇ ਟੋਟੇ ;
ਚੋਆ : ਲਾਡ,ਚਾਅ;
ਦੰਦ ਕੱਢਣਾ: ਫ਼ਜ਼ੂਲ ਹੱਸਣਾ;
ਝੂਰਸੇਂ: ਤੂੰ ਪਛਤਾਏਂਗੀ 
ਲਿੰਬ: ਲੇਪ ਦੇ

ਸਿੱਧਾ ਮਤਲਬ:

ਕੈਦੋ ਹੀਰ ਦੀ ਮਾਂ ਮਲਕੀ ਨੂੰ ਕਹਿੰਦਾ ਹੈ ਕਿ ਡੈਣੇ ਤੈਨੂੰ ਰੱਬ ਦਾ ਵਾਸਤਾ ਈ ਅਪਣੀ ਧੀ ਨੂੰ ਵਿਆਹ ਦੇ; ਯਾ ਫਿਰ ਇਸ ਦੇ (ਹੀਰ ਦੇ) ਨਿੱਕੇ ਨਿੱਕੇ ਟੋਟੇ ਕਰਦੇ ਯਾ ਵੱਡੀਏ ਚੌਧਰੈਣੇਂ ਇਸ ਦਾ ਮੂੰਹ ਸਿਰ ਬਲ਼ਦੇ ਲੱਕੜ ਦੇ ਚੋਅ ਨਾਲ ਸਾੜ ਦੇ; ਤੂੰ ਹੁਣ ਤੇ ਅਪਣੀ ਧੀ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਵੇਖ ਕੇ ਦੰਦ ਕੱਢਦੀ ਏਂ ਯਾ ਐਵੇਂ ਫ਼ਜ਼ੂਲ ਹੱਸਦੀ ਪਈ ਏਂ ਤੂੰ ਅੱਗੇ ਜਾ ਕੇ ਬਹੁਤ ਪਛਤਾਏਂਗੀ; ਯਾ ਫਿਰ ਇਸ ਨੂੰ ਕਿਸੇ ਭੋਰੇ ਵਿਚ ਬੰਦ ਕਰਦੇ ਜਿਵੇਂ ਭੜੋਲੇ ਦਾ ਮੂੰਹ ਲਿੰਬ ਦਿੱਤਾ ਜਾਂਦਾ ਹੈ।

ਖਲਾਰਵਾਂ ਮਤਲਬ

ਇਸ ਬੰਦ ਵਿਚ ਜਿਹੜੀ ਪਹਿਲੀ ਗੱਲ ਸਾਮ੍ਹਣੇ ਆਉਂਦੀ ਹੈ ਉਹ ਕੈਦੋ ਦਾ ਹੀਰ ਦੀ ਮਾਂ ਮਲਕੀ ਨਾਲ ਗੱਲ ਕਰਨ ਦਾ ਢੰਗ ਹੈ। ਕਹਿਣ ਨੂੰ ਮਲਕੀ ਕਬੀਲੇ ਦੇ ਸਬ ਤੋਂ ਵੱਢੇ ਸਰਦਾਰ ਚੂਚਕ ਦੀ ਘਰ ਵਾਲੀ ਹੈ ਤੇ ਕੈਦੋ ਕਬੀਲੇ ਦਾ ਧਤਕਾਰੀਆ ਹੋਇਆ ਬੰਦਾ ਹੈ ਜਿਸ ਦਾ ਜ਼ਿਕਰ ਪਹਿਲਾਂ ਇਕ ਬੰਦ ਵਿਚ ਇਵੇਂ ਆਇਆ ਸੀ ਕਿ ਉਹ ਮਦਾਰੀਆਂ ਨਾਲ ਨੱਚਦਾ ਹੈ ਤੇ ਭੰਗ ਚਰਸ ਦਾ ਅਮਲੀ ਹੈ। ਪਰ ਕਬੀਲੇ ਦੀ ਪੌੜੀ ਦੇ ਸਬ ਤੋਂ ਥੱਲੜੇ ਡੰਡੇ ਦਾ ਮਰਦ ਕਬੀਲੇ ਦੀ ਸਬ ਤੋਂ ਉੱਚੀ ਜ਼ਨਾਨੀ ਨਾਲ ਹਾਕਮਾਂ ਵਾਂਗ ਗੱਲ ਕਰ ਸਕਦਾ ਹੈ ਤੇ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਮੰਦਾ ਬੋਲ ਸਕਦਾ ਹੈ। ਵਾਰਿਸ ਸ਼ਾਹ ਹੋਰਾਂ ਸਦਾ ਵਾਂਗ ਸਮਾਜ ਵਿਚ ਹੋਣ ਵਾਲੇ ਡਰਾਮੇ ਦਾ ਅਸਲ ਵਿਖਾਉਣ ਲਈ ਬੜੀ ਹੁਸ਼ਿਆਰੀ ਨਾਲ ਇਹ ਬੰਦ ਇਸ ਥਾਂ ਤੇ ਪਰੋਇਆ ਹੈ। ਕੈਦੋ ਕੋਲੋਂ ਮਲਕੀ ਨੂੰ ਮੰਦਾ ਬੁਲਵਾਈਆ ਤੇ ਉਸ ਦੀ ਪੱਤ ਲੁਹਾਈ ਹੈ ਜੇ ਇਹ ਗੱਲ ਸਾਫ਼ ਹੋ ਜਾਵੇ ਕਿ ਜਾਗੀਰਦਾਰੀ ਸਮਾਜ ਵਿਚ ਔਰਤ ਦੀ ਹੈਸੀਅਤ ਸਬ ਤੋਂ ਮਾੜੇ ਤਬਕਿਆਂ (ਕਾਮੇ, ਚਾਕ, ਨੌਕਰ) ਵਾਂਗ ਹੀ ਹੁੰਦੀ ਹੈ।

ਕੈਦੋ ਕੋਲੋਂ ਹੀਰ ਦੀ ਮਾਂ ਮਲਕੀ ਦੀ ਪਾਣ-ਪੱਤ ਲੁਹਾ ਕੇ ਵਾਰਿਸ ਸ਼ਾਹ ਹੋਰੀਂ ਹੀਰ ਦੇ ਭਲ਼ਕ ਤੇ ਵੀ ਚਾਨਣ ਪਾ ਰਹੇ ਹਨ। ਮਤਲਬ ਉਹ ਵੱਧ ਤੋਂ ਵੱਧ ਚੂਚਕ ਵਰਗੇ ਵੱਡੇ ਸਰਦਾਰ ਦੀ ਘਰ ਵਾਲੀ ਬਣ ਸਕਦੀ ਹੈ ਪਰ ਫਿਰ ਵੀ ਸਮਾਜ ਵਿਚ ਹੈਸੀਅਤ ਅਪਣੀ ਮਾਂ ਵਾਂਗ ਇੰਜ ਦੀ ਹੀ ਹੋਵੇਗੀ ਕਿ ਕੈਦੋ ਵਾਂਗ ਟਕੇ ਦਾ ਬੰਦਾ ਵੀ ਉਸ ਨੂੰ ਗਾਲ਼-ਮੰਦਾ ਕਰ ਸਕਦਾ ਹੈ। ਮਰਦਾਂ ਵਿਚੋਂ ਸਬ ਤੋਂ ਰਿਹਾ-ਖਿਹਾ ਮਰਦ ਵੀ ਉਸ ਤੋਂ ਉੱਤੇ ਹੀ ਹੋਵੇ ਗਾ।

ਇੰਜ ਬੰਦ ਵਿਚ ਉਹ ਸਬ ਢੰਗ ਦੱਸੇ ਗਏ ਹਨ ਜਿਨ੍ਹਾਂ ਨਾਲ ਉਸ ਸਮਾਜ ਵਿਚ ਕੁੜੀਆਂ ਨੂੰ ਮਾਰਿਆ, ਤੋੜਿਆ ਭੰਨਿਆ ਜਾਂਦਾ ਹੈ। ਉਨ੍ਹਾਂ ਨੂੰ ਨਿੱਕੇ ਨਿੱਕੇ ਟੋਟੇ ਕਰਕੇ ਮਾਰ ਦਿੱਤਾ ਜਾਂਦਾ ਹੇ, ਬਲਦੀਆਂ ਲੱਕੜਾਂ ਨਾਲ ਉਨ੍ਹਾਂ ਦਾ ਮੂੰਹ ਸਾੜਿਆ ਜਾਂਦਾ ਹੈ ਯਾ ਫਿਰ ਘੱਟੋ ਘੱਟੋ ਉਸ ਨੂੰ ਭੋਰੇ ਵਿਚ ਇੰਜ ਤਾੜ ਦਿੱਤਾ ਜਾਂਦਾ ਹੈ ਜਿਵੇਂ ਜਿਣਸ ਭੜੋਲੀਆਂ ਵਿਚ ਪਾ ਕੇ ਉਨ੍ਹਾਂ ਦਾ ਮੂੰਹ ਲਿਪ ਦਿੱਤਾ ਜਾਂਦਾ ਹੈ। ਮਤਲਬ ਕੁੜੀਆਂ ਨੂੰ ਨਿੱਕੀ ਤੋਂ ਨਿੱਕੀ ਸਜ਼ਾ ਵੀ ਜਿਣਸ ਵਾਂਗੂੰ ਹਨੇਰੀ ਕੋਠੜੀ ਵਿਚ ਕੈਦ ਕਰ ਦੇਣਾ ਹੈ। ਇਸ ਮਾਰਾ-ਮਾਰੀ ਦੇ ਪੇਂਤਰੇਆਂ ਨੂੰ ਪੜ੍ਹ ਕੇ ਪਹਿਲੇ ਮਿਸਰੇ ਵੱਲ ਜਾਓ ਤੇ ਲਗਦਾ ਹੈ ਕਿ ਉਸ ਸਮਾਜ ਵਿਚ ਵਿਆਹ ਵੀ ਇਕ ਸਜ਼ਾ ਯਾ ਡੰਡ ਹੈ ਜਿਹੜਾ ਹਰ ਖੁੱਲ੍ਹ ਮਾਨਣ ਦੀ ਚਾਹਤਵੰਦ ਰੂਹ ਨੂੰ ਦਿੱਤਾ ਜਾਂਦਾ ਹੈ। ਮਤਲਬ ਵਿਆਹ ਤੇ ਹੋਰ ਕਾਤਲ ਸਜ਼ਾਵਾਂ ਵਿਚ ਕੋਈ ਫ਼ਰਕ ਨਹੀਂ ਹੈ। ਇਸ ਦਾ ਸਬੂਤ ਮਲਕੀ ਆਪ ਹੈ ਜਿਸ ਦੀ ਚੌਧਰਾਹਟ ਇਕ ਮਾੜੇ ਜਿਹੇ ਮਰਦ ਕੈਦੋ ਦੇ ਅੱਗੇ ਗਲੀਆਂ ਦੇ ਕੱਖਾਂ ਨਾਲੋਂ ਵੀ ਹੌਲ਼ੀ ਹੈ।

 

More

Your Name:
Your E-mail:
Subject:
Comments: