کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ: ਬੰਦ 91

ਹੀਰ ਵਾਰਿਸ ਸ਼ਾਹ: ਬੰਦ 91

ਡਾ. ਮਨਜ਼ੂਰ ਇਜਾਜ਼

June 23rd, 2009

4.5 / 5 (19 Votes)

 

 

ਮਾਂ ਹੀਰ ਦੀ ਤੇ ਲੋਕ ਕਰਨ ਚੁਗ਼ਲੀ ਮੈਹਰੀ ਮਲਕੀਏ ਧੀਓ ਖ਼ਰਾਬ ਹੈ ਨੀ
ਅਸੀਂ ਮਾਸੀਆਂ ਫੁਫੀਆਂ ਲੱਜ ਮੋਇਆਂ ਸਾਡਾ ਅੰਦਰੋਂ ਜੀਓ ਕਬਾਬ ਹੈ ਨੀ
ਸ਼ੱਮਸ ਦੀਨ ਕਾਜ਼ੀ ਨਿਤ ਕਰੇ ਮਸਲੇ ਸ਼ੋਖ਼ ਧੀਵ ਦਾ ਵਿਆਹ ਸਵਾਬ ਹੈ ਨੀ
ਚਾਕ ਨਾਲ ਇਕੱਲਿਆਂ ਜਾਣ ਧੀਆਂ ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ
ਤੇਰੀ ਧੀਵ ਦਾ ਮਗ਼ਜ਼ ਹੈ ਬੇਗਮਾਂ ਦਾ ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਨੀ
ਵਾਰਿਸ ਸ਼ਾਹ ਮੂੰਹ ਉਂਗਲਾਂ ਲੋਕ ਘੱਤਣ ਧੀਵ ਮਲਕੀ ਦੀ ਪੁੱਜ ਖ਼ਰਾਬ ਹੈ ਨੀ

ਔਖੇ ਲਫ਼ਜ਼ਾਂ ਦੇ ਮਾਅਨੇ

ਮੈਹਰੀ: ਮੁਅੱਜ਼ਜ਼ ਕਬੀਲੇ ਦੇ ਸਰਦਾਰ ਦੀ ਧੀ, ਬੀਵੀ ਯਾ ਵਿਆਹ ਦੇ ਕਾਬਲ ਜ਼ਨਾਨੀ;
ਧੀਓ: ਧੀ, ਬੇਟੀ
ਲੱਜ ਮੋਇਆਂ: ਨਮੋਸ਼ੀ ਨਾਲ ਮਰ ਗਈਆਂ;
ਜੀਓ: ਜੀ, ਮੰਨ, ਦਿਲ
ਸ਼ੋਖ਼: ਬੇ-ਹਯਾ, ਬੇ-ਸ਼ਰਮ, ਨਖਰੇਲੀ;
ਖ਼ਰਾਬ ਹੈ : ਭੈੜੀ (ਬਦ ਚਲਨ );
ਮਗ਼ਜ਼: ਦਿਮਾਗ਼;
ਮੂੰਹ ਉਂਗਲਾਂ ਘਤਣਾ: ਹੈਰਾਨੀ ਨਾਲ ਦੰਦਾਂ ਵਿੱਚ ਉਂਗਲਾਂ ਦੇਣਾ;
ਪੁੱਜ ਕੇ: ਮੁਕੰਮਲ ਤੌਰ ਤੇ

ਸਿੱਧਾ ਮਤਲਬ

ਲੋਕੀਂ ਹੀਰ ਦੀ ਮਾਂ ਕੋਲ ਜਾ ਕੇ ਚੁਗ਼ਲੀਆਂ ਕਰਦੇ ਹਨ ਕਿ ਤੇਰੀ ਧੀ ਖ਼ਰਾਬ ਹੋ ਗਈ ਹੈ; ਮਾਸੀਆਂ ਫੁਫੀਆਂ ਵੀ ਮਿਹਣੇ ਮਾਰਦਿਆਂ ਹਨ ਕਿ ਉਹ ਸ਼ਰਮ ਨਾਲ ਮਰਣ ਜੋਗੀਆਂ ਹੋ ਗਈਆਂ ਹਨ ਤੇ ਉਨ੍ਹਾਂ ਦਾ ਦਿਲ ਸੜ ਕੇ ਸੁਆਹ ਹੋ ਗਿਆ ਹੈ; ਲੋਕ ਇਹ ਵੀ ਕਹਿੰਦੇ ਹਨ ਕਿ ਪਿੰਡ ਦਾ ਕਾਜ਼ੀ ਵੀ ਕਹਿੰਦਾ ਹੈ ਕਿ ਸ਼ੋਖ਼ ਧੀ ਦਾ ਨਿਕਾਹ ਕਰਨਾ ਸਵਾਬ ਦੀ ਗੱਲ ਹੈ; ਜੇ ਧੀਆਂ ਕਾਮਿਆਂ ਨੌਕਰਾਂ ਨਾਲ ਬਾਹਰ ਜਾਵਣ ਤੇ ਮਾਂ ਪਿਓ ਨੂੰ ਪਤਾ ਹੋਣਾ ਚਾਹੀਦਾ ਉਨ੍ਹਾਂ ਦੀ ਕੋਈ ਨਹੀਂ ਸੁਣੀ ਜਾਵੇਗੀ। ਲੋਕ ਇਹ ਵੀ ਕਹਿੰਦੇ ਹਨ ਕਿ ਤੇਰੀ ਧੀ ਮਤਲਬ ਹੀਰ ਦਾ ਦਿਮਾਗ਼ ਬੇਗਮਾਂ ਵਾਲਾ ਹੈ ਤੇ ਚਾਕ ਮਤਲਬ ਰਾਂਝਾ ਇੰਜ ਫਿਰਦਾ ਹੈ ਜਿਵੇਂ ਨੌਕਰ ਨਾ ਹੋਵੇ ਕੋਈ ਨਵਾਬ ਹੋਵੇ। ਲੋਕੀਂ ਅੱਤ ਹੈਰਾਨ ਹਨ ਕਿ ਮਲਕੀ ਦੀ ਧੀ ਏਡੀ ਖ਼ਰਾਬ ਹੋ ਚੁਕੀ ਹੈ।

ਖਲਾਰਵਾਂ ਮਤਲਬ

ਇਸ ਬੰਦ ਵਿਚ ਵਾਰਿਸ ਸ਼ਾਹ ਹੀਰ ਤੇ ਰਾਂਝੇ ਦੇ ਇਸ਼ਕ ਨੂੰ ਸਮਾਜ ਦੇ ਐਨ ਵਿਚਕਾਰ ਲੈ ਆਉਂਦੇ ਹਨ। ਮਤਲਬ ਗੱਲ ਸਿਰਫ਼ ਕੈਦੋ ਦੀ ਚੁਗ਼ਲੀ ਦੀ ਨਹੀਂ ਕਿ ਜਿਵੇਂ ਪਿੰਡ ਯਾ ਸਮਾਜ ਵਿਚ ਸਿਰਫ਼ ਇੱਕ ਕੈਦੋ ਹੈ ਜੋ ਸਾੜ ਪਾਰੋਂ ਦੋਹਾਂ ਦੇ ਖ਼ਿਲਾਫ਼ ਹੈ। ਇਹ ਉਹ ਪੱਖ ਹੈ ਜਿਹੜਾ ਡਰਾਮਿਆਂ ਤੇ ਫ਼ਿਲਮਾਂ ਨੇ ਲੋਕਾਂ ਦੇ ਸਾਮ੍ਹਣੇ ਲਿਆਂਦਾ ਹੈ, ਜਿਵੇਂ ਜੇ ਕੈਦੋ ਮੁਖ਼ਾਲਫ਼ਤ ਨਾ ਕਰਦਾ ਤੇ ਹੀਰ ਰਾਂਝੇ ਦਾ ਵਿਆਹ ਹੋ ਜਾਣਾ ਸੀ। ਫ਼ਿਲਮ ਤੇ ਡਰਾਮੇ ਕਹਾਣੀ ਵਿਚ ਕਿਤੇ ਸਮਾਜ ਦਾ ਰੋਲ ਨਹੀਂ ਵਿਖਾਉਂਦੇ ਤੇ ਸਾਰਾ ਭਾਰ ਕੈਦੋ ਤੇ ਪਾ ਕੇ ਵਿਹਲੇ ਹੋ ਜਾਂਦੇ ਹਨ। ਇਸ ਤਰ੍ਹਾਂ ਹੀਰ ਰਾਂਝੇ ਦੀ ਕਹਾਣੀ ਇਕ ਸਮਾਜੀ ਯੁੱਧ ਨਹੀਂ ਇਕ ਹੀਰੋ ਤੇ ਵਿਲਨ ਦੀ ਕਹਾਣੀ ਬਣ ਜਾਂਦੀ ਹੈ।

ਇਸੇ ਲਈ ਵਾਰਿਸ ਸ਼ਾਹ ਪੂਰੇ ਸਮਾਜ ਦਾ ਪਿੜ ਵਿਖਾ ਰਿਹਾ ਹੈ ਕਿ ਕਿਵੇਂ ਸਮਾਜ ਵਿਚ ਕਿਸੇ ਨੂੰ ਵੀ ਹੀਰ ਰਾਂਝੇ ਦਾ ਸਾਕ ਵਾਰਾ ਨਹੀਂ ਖਾਂਦਾ। ਵਾਰਿਸ ਸ਼ਾਹ ਪਹਿਲੇ ਮਿਸਰੇ ਵਿਚ ਹੀਰ ਰਾਂਝੇ ਦੇ ਇਸ਼ਕ ਬਾਰੇ ਆਲੇ ਦੁਆਲੇ ਹੋਣ ਵਾਲੀਆਂ ਗੱਲਾਂ ਤੋਂ ਸ਼ੁਰੂ ਕਰਕੇ ਦੂਜੇ ਹੀ ਮਿਸਰੇ ਵਿਚ ਹੀਰ ਦੇ ਟੱਬਰ ਵਿਚ ਮਾਸੀਆਂ ਫੁਫੀਆਂ ਦੀ ਨਮੋਸ਼ੀ ਤੇ ਤਾਅਨੇ ਗਿਣਵਾਉਂਦਾ ਹੈ। ਤੀਜੇ ਮਿਸਰੇ ਵਿਚ ਕਾਜ਼ੀ ਆ ਜਾਂਦਾ ਹੈ ਜਿਹੜਾ ਸਮਾਜ ਦੇ ਰਾਖਿਆਂ ਵਿਚ ਹੈ। ਚੌਥੇ ਮਿਸਰੇ ਵਿਚ ਹੀਰ ਤੇ ਰਾਂਝੇ ਦੀ ਤਬਕਾਤੀ ਵੰਡ ਆ ਜਾਂਦੀ ਹੈ, ਕਿ ਜੇ ਚਾਕਾਂ ਯਾ ਨੌਕਰਾਂ ਨਾਲ ਕੁੜੀਆਂ ਬਾਹਰ ਜਾਣ ਲੱਗ ਪੈਣ ਤੇ ਗੱਲ ਤਬਾਹੀ ਤੇ ਮੁੱਕੇ ਗੀ। ਮਤਲਬ ਜੇ ਕੁੜੀਆਂ ਆਪਣੇ ਜੋੜ ਦੇ ਟੱਬਰਾਂ ਦੇ ਮੁੰਡਿਆਂ ਨਾਲ ਬਾਹਰ ਜਾਣ ਤੇ ਕੋਈ ਖ਼ਤਰੇ ਵਾਲੀ ਗੱਲ ਨਹੀਂ। ਸੋ ਚਾਕ ਨਾਲ ਬਾਹਰ ਜਾਣਾ ਹੀ ਕਿਸੇ ਨਵੇਂ ਸਾਕ ਦੇ ਬਣਨ ਦਾ ਇਸ਼ਾਰਾ ਹੁੰਦਾ ਹੈ। ਇੰਜ ਇਸ਼ਕ ਕਹਾਣੀਆਂ ਦਾ ਮੁੱਢ ਵੀ ਬਾਂਧਿਆਂ (ਗ਼ੁਲਾਮਾਂ) ਤੇ ਉੱਪਰ ਵਾਲੇ ਤਬਕੇ ਦੀਆਂ ਵਿਆਹੀਆਂ ਜ਼ਨਾਨੀਆਂ ਤੋਂ ਸ਼ੁਰੂ ਹੋਇਆ ਸੀ।

ਪੰਜਵੇਂ ਮਿਸਰੇ ਵਿਚ ਹੀਰ ਨੂੰ ਬੇਗਮਾਂ ਦੇ ਦਿਮਾਗ਼ ਵਾਲੀ ਤੇ ਰਾਂਝੇ ਨੂੰ ਨਵਾਬ ਵਾਂਗ ਦਿਸਣ ਦਾ ਮਿਹਣਾ ਵੀ ਮਾਰਿਆ ਗਿਆ ਹੈ। ਉਸ ਸਮਾਜ ਵਿਚ ਹਾਕਮ ਟੱਬਰ ਹੀ ਆਕੜ ਕੇ ਟੁਰ ਸਕਦੇ ਸਨ ਕਿਉਂ ਕਿ ਬਾਕੀ ਤੇ ਸਾਰੀ ਖ਼ਲਕਤ ਕਾਮਿਆਂ ਦੀ ਸੀ। ਇਸ ਲਈ ਜਿਸ ਦੀ ਚਾਲ ਢਾਲ ਵਿਚ ਆਜ਼ਾਦੀ ਦੀ ਲਟਕ ਹੋਵੇ ਉਹ ਨਵਾਬ ਤੇ ਬੇਗਮ ਹੀ ਲੱਗੇ ਗਾ। ਇਸ ਮਿਹਣੇ ਤੋਂ ਇਹ ਵੀ ਲਗਦਾ ਹੈ ਕਿ ਇਸ਼ਕ ਆਸ਼ਕਾਂ ਵਿਚ ਇਕ ਅਜਿਹਾ ਰੰਗ ਭਰਦਾ ਹੈ ਜਿਹੜਾ ਖੁੱਲ੍ਹ ਤੇ ਆਜ਼ਾਦੀ ਦਾ ਲਿਸ਼ਕਾਰਾ ਮਾਰਦਾ ਹੈ। ਹੀਰ ਕੁੜੀ ਹੈ ਤੇ ਉਸ ਕੋਲੋਂ ਆਸ ਕੀਤੀ ਜਾਂਦੀ ਹੈ ਕਿ ਉਹ ਸਿਰ ਸੁੱਟ ਕੇ ਤੁਰੇ ਤੇ ਬੇਗਮਾਂ ਵਾਂਗ ਤਣ ਕੇ ਨਾ ਤੁਰੇ। ਇਸੇ ਤਰ੍ਹਾਂ ਰਾਂਝਾ ਇਕ ਚਾਕ ਹੈ, ਨੌਕਰਾਂ ਦਾ ਵੀ ਨੌਕਰ, ਉਸ ਕੋਲੋਂ ਵੀ ਮੰਗ ਏਹੋ ਹੀ ਹੈ ਕਿ ਉਹ ਸਿਰ ਸੁੱਟ ਕੇ ਤੁਰੇ ਤੇ ਆਜ਼ਾਦ ਬੰਦਿਆਂ ਵਾਂਗ ਨਾ ਲੱਗੇ। ਪਰ ਇਸ਼ਕ ਬੰਦੇ ਨੂੰ ਸਿਰ ਚੁਕ ਕੇ ਟੁਰਨ ਦੀ ਜਾਚ ਸਿਖਾਉਣ ਹੀ ਤੇ ਹੈ ਨਾਂ। ਇਸ ਲਈ ਇਹ ਅਜਬ ਨਹੀਂ ਕਿ ਹੀਰ ਦੇ ਸਮਾਜ ਨੂੰ ਰਾਂਝਾ ਨਵਾਬ ਵਾਂਗ ਦਿਸਣਾ ਸ਼ੁਰੂ ਹੋ ਗਿਆ ਹੈ। ਸਮਾਜ ਇਸ ਵਰਤਾਰੇ ਨੂੰ ਝੱਲ ਨਹੀਂ ਸਕਦਾ ਤੇ ਪੂਰਾ ਟਿੱਲ ਲਾਉਂਦਾ ਹੈ ਕਿ ਜ਼ਨਾਨੀ ਤੇ ਕਾਮਿਆਂ ਨੂੰ ਸਿਰ ਸੁੱਟ ਕੇ ਟੁਰਨਾ ਸਿਖਾਏ।

ਅਖ਼ੀਰੀ ਮਿਸਰੇ ਵਿਚ ਲੋਕਾਂ ਦੀ ਹੀਰ ਦੇ ਇਸ਼ਕ ਵਿਚ ਪੈ ਕੇ ਖ਼ਰਾਬ ਹੋਣ ਦੀ ਗੱਲ ਹੈ। ਮਤਲਬ ਸਮਾਜ ਵਿਚ ਬੱਝੇ ਲੋਕਾਂ ਲਈ ਇਸ਼ਕ ਇਕ ਅਲੋਕਾਰ (ਅਨੋਖੀ) ਵਰਤਣੀ ਹੈ ਜਿਸ ਦਾ ਉਹ ਤਸੱਵਰ ਵੀ ਨਹੀਂ ਕਰ ਸਕਦੇ। ਜ਼ਾਹਰਾ ਤੇ ਇਹ ਹੈ ਕਿ ਀ਿ
ੲਕ ਚੁਧਰਾਇਣ ਮਲਕੀ ਦੀ ਧੀ ਕਿਵੇਂ ਇਕ ਕਾਮੇ ਦੇ ਇਸ਼ਕ ਵਿਚ ਖ਼ਰਾਬ ਹੋ ਗਈ ਹੈ ਪਰ ਅਸਲ ਗੱਲ ਇਹ ਹੇ ਕਿ ਲੋਕਾਂ ਲਈ ਇਸ਼ਕ ਦਾ ਹੋਣਾ ਹੀ ਇਕ ਅਚੰਭਾ ਹੈ ਜਿਸ ਨੂੰ ਉਹ ਸਮਝ ਨਹੀਂ ਸਕਦੇ।

ਅਖ਼ੀਰੀ ਮਿਸਰੇ ਵਿਚ ਹੀਰ ਨੂੰ ਚੂਚਕ ਦੀ ਥਾਂ ਮਲਕੀ ਦੀ ਧੀ ਆਖਿਆ ਗਿਆ ਹੈ। ਜਿਸ ਦੇ ਦੋ ਪੱਖ ਹਨ, ਇਕ ਤੇ ਇਸ ਲਈ ਕਿ ਲੋਕਾਂ ਦੀ ਨਜ਼ਰ ਵਿੱਚ ਹੀਰ ਭੈੜਾ ਕੰਮ ਕਰ ਰਹੀ ਹੈ ਤੇ ਉਸ ਦੀ ਜ਼ਿੰਮੇਵਾਰੀ ਉਸ ਦੀ ਜੰਮਣ ਵਾਲੀ ਮਾਂ ਦੀ ਹੈ। ਇਹ ਆਮ ਹੈ ਕਿ ਜੇ ਕੋਈ ਭੈੜਾ ਕੰਮ ਕਰੇ ਤੇ ਕਿਹਾ ਜਾਂਦਾ ਹੈ ਕਿ ਇਹਦਾ ਰਵਾ (ਨਸਲ) ਭੈੜੀ ਹੈ ਤੇ ਨਸਲ ਤੋਂ ਮੁਰਾਦ ਮਾਂ ਹੁੰਦੀ ਹੈ। ਦੂਜੇ ਇਹ ਵੀ ਹੈ ਕਿ ਮਾਦਰੀ ਨਿਜ਼ਾਮ ਦਾ ਰਹਿੰਦ-ਖੂੰਹਦ ਅਜੇ ਬਾਕੀ ਸੀ ਤੇ ਔਲਾਦ ਨੂੰ ਮਾਂ ਦੇ ਨਾਂ ਨਾਲ ਜਾਣਿਆ ਜਾਣਾ ਲੋਕ ਬੋਲੀ ਵਿਚੋਂ ਨਿਕਲਿਆ ਨਹੀਂ ਸੀ।

 

More

Visitors Comments

Name:bhinda
Date:19th June

Comment: heer mein dr. joginder singh nijjar di sampadik kari padi hai
te thuadi bi likhni kamal hai dr. shaib please send me your e.mail id
waris shah ral nall pyariyan de navi ishq di batt chaliye ji
please keeped up to serve mother tounge &&&&&&&
our traditional culture
which city do you belong dr. shaib???????


Visitors Comments

Name:Gurdeep Singh Attari
Date:8th February

Comment: bahut wadia uprala kita j


Visitors Comments

Name:manjinder
Date:15th June

Comment: kamaal manjoor saab kaya baat hai WARISH SHAH di


Your Name:
Your E-mail:
Subject:
Comments: